ਪੰਜਾਬ ਸਰਕਾਰ ਦਾ ਇਤਿਹਾਸਕ ਕਦਮ: ਪੱਛੜੀਆਂ ਸ਼੍ਰੇਣੀਆਂ ਲਈ ਪਹਿਲੀ ਵਾਰ ਬਣਨ ਜਾ ਰਹੇ 2 ਆਧੁਨਿਕ ਹੋਸਟਲ, ਪਹਿਲੀ ਕਿਸ਼ਤ ਜਾਰੀ
Punjabi University Patiala: ਇਹ ਹੋਸਟਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੜਕਿਆਂ ਅਤੇ ਲੜਕੀਆਂ ਲਈ 100-100 ਸੀਟਾਂ ਦੇ ਹੋਣਗੇ ਅਤੇ ਕੁੱਲ 6.99 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ।
Two Modern Hostels in Punjabi University: ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਮੰਤਰੀ ਡਾ. ਬਲਜੀਤ ਕੌਰ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ 2 ਆਧੁਨਿਕ ਹੋਸਟਲ ਬਣਾਏ ਜਾ ਰਹੇ ਹਨ। ਇਨ੍ਹਾਂ ਦੋਵੇਂ ਹੋਸਟਲਾਂ ਦੀ ਪਹਿਲੀ ਕਿਸ਼ਤ 1.12 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਹੈ, ਜੋ ਜਲਦੀ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਾਤਿਆਂ ਵਿੱਚ ਜਾਵੇਗੀ ਅਤੇ ਨਿਰਮਾਣ ਕੰਮ ਤੁਰੰਤ ਸ਼ੁਰੂ ਹੋ ਜਾਵੇਗਾ।
100-100 ਸੀਟਾਂ ਦੇ ਹੋਣਗੇ ਹੋਸਟਲ, 6.99 ਕਰੋੜ ਰੁਪਏ ਦੀ ਲਾਗਤ ਨਾਲ ਹੋਣਗੇ ਤਿਆਰ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਲਜੀਤ ਕੌਰ ਨੇ ਦੱਸਿਆ ਕਿ ਹਰ ਇੱਕ ਹੋਸਟਲ ਦੀ ਲਾਗਤ 3.49 ਕਰੋੜ ਰੁਪਏ ਹੋਵੇਗੀ। ਦੋਵੇਂ ਹੋਸਟਲਾਂ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਸੁਵਿਧਾਵਾਂ ਵਾਲੇ ਕਮਰੇ, ਪੜ੍ਹਾਈ ਲਈ ਸੁਚੱਜਾ ਵਾਤਾਵਰਣ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ, ਤਾਂ ਜੋ ਉਹ ਆਪਣੀ ਪੜ੍ਹਾਈ ਵਿੱਚ ਪੂਰੀ ਤਰ੍ਹਾਂ ਧਿਆਨ ਕੇਂਦਰਤ ਕਰ ਸਕਣ। ਇਹ ਹੋਸਟਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੜਕਿਆਂ ਅਤੇ ਲੜਕੀਆਂ ਲਈ 100-100 ਸੀਟਾਂ ਦੇ ਹੋਣਗੇ ਅਤੇ ਕੁੱਲ 6.99 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣਗੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਯੋਜਨਾ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਹੋਸਟਲ ਨਿਰਮਾਣ ਵੱਲ ਪੰਜਾਬ ਸਰਕਾਰ ਦੀ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹੈ। ਇਹ ਉਪਰਾਲਾ ਦੂਰ-ਦਰਾਜ਼ ਇਲਾਕਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਉਚਿਤ ਰਹਿਣ-ਸਹਿਣ ਦੀ ਸਹੂਲਤ ਦੇ ਕੇ ਉੱਚ ਸਿੱਖਿਆ ਹਾਸਲ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰੇਗਾ।
ਨਵੇਂ ਹੋਸਟਲ ਪ੍ਰਾਜੈਕਟਾਂ ਨੂੰ ਤਰਜੀਹ
ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀ-ਕੇਂਦਰਤ ਵਿਕਾਸ, ਆਤਮ ਨਿਰਭਰਤਾ ਅਤੇ ਸਮਰੱਥਾ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਹੋਸਟਲਾਂ ਦੀ ਘਾਟ ਕਾਰਨ ਪੱਛੜੀਆਂ ਸ਼੍ਰੇਣੀਆਂ ਦੇ ਕਈ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਰਹਿਣਾ ਪੈਂਦਾ ਸੀ, ਜਿਸ ਕਰਕੇ ਸਰਕਾਰ ਵੱਲੋਂ ਨਵੇਂ ਹੋਸਟਲ ਪ੍ਰਾਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਡਾ. ਬਲਜੀਤ ਕੌਰ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੋਰ ਵੀ ਉਚੇਰੀ ਸਿੱਖਿਆ ਸੰਸਥਾਵਾਂ ‘ਚ ਨਵੇਂ ਹੋਸਟਲ ਨਿਰਮਾਣ ਲਈ ਤਜਵੀਜ਼ਾਂ ਮੰਗੀਆਂ ਗਈਆਂ ਹਨ, ਤਾਂ ਜੋ ਰਾਜ ਭਰ ਦੇ ਵਿਦਿਆਰਥੀਆਂ ਨੂੰ ਚੰਗੇ ਰਹਿਣ-ਸਹਿਣ ਦੀ ਸਹੂਲਤ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕੇਵਲ ਢਾਂਚਾਗਤ ਵਿਕਾਸ ਨਹੀਂ, ਸਗੋਂ ਪੱਛੜੀਆਂ ਸ਼੍ਰੇਣੀਆਂ ਦੇ ਨੌਜਵਾਨਾਂ ਨੂੰ ਸਮਾਜਿਕ ਤੌਰ ‘ਤੇ ਮਜ਼ਬੂਤ ਕਰਕੇ ਰਾਜ ਦੇ ਵਿਕਾਸ ਵਿੱਚ ਭਾਗੀਦਾਰ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਹ ਪਹਿਲਕਦਮੀਆਂ ਭਵਿੱਖ ‘ਚ ਹੋਰ ਵਿਦਿਆਰਥੀ ਅਨੁਕੂਲ ਸਕੀਮਾਂ ਦਾ ਰਾਹ ਖੋਲ੍ਹਣਗੇ।