Banner
Banner

ਪਤਨੀ ਦੇ ਹੱਥਾਂ ਤੋਂ ਸ਼ਗਨਾਂ ਵਾਲੀ ਮਹਿੰਦੀ ਵੀ ਨਹੀਂ ਲੱਥੀ…

Punjab News: ਆਪਣੇ ਦੇਸ਼ ਲਈ ਜਾਨ ਵਾਰ ਕੇ ਸ਼ਹੀਦ ਕਹਾਉਣ ਪਿੱਛੇ ਸਿਰਫ਼ ਇਕ ਜਵਾਨ ਦੀ ਜਾਨ ਹੀ ਨਹੀਂ ਜਾਂਦੀ, ਬਲਕਿ ਉਸ ਦੇ ਪਿਛੇ ਰਹਿ ਜਾਣ ਵਾਲੇ ਪਰਿਵਾਰ ਦੀ ਅਪਾਰ ਪੀੜ੍ਹਾ ਵੀ ਹੁੰਦੀ ਹੈ। ਉਨ੍ਹਾਂ ਦੀ ਪੀੜ੍ਹਾਂ ਦਾ ਹਿਸਾਬ ਕਿਸੇ ਕਿਤਾਬ ’ਚ ਦਰਜ ਨਹੀਂ ਹੁੰਦਾ। ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿਖੇ ਕੁਲਗ੍ਰਾਮ ਦੇ ਅਖਲ ਜੰਗਲ ’ਚ ਐਨਕਾਊਂਟਰ ਦੌਰਾਨ […]
Amritpal Singh
By : Updated On: 10 Aug 2025 15:39:PM
ਪਤਨੀ ਦੇ ਹੱਥਾਂ ਤੋਂ ਸ਼ਗਨਾਂ ਵਾਲੀ ਮਹਿੰਦੀ ਵੀ ਨਹੀਂ ਲੱਥੀ…

Punjab News: ਆਪਣੇ ਦੇਸ਼ ਲਈ ਜਾਨ ਵਾਰ ਕੇ ਸ਼ਹੀਦ ਕਹਾਉਣ ਪਿੱਛੇ ਸਿਰਫ਼ ਇਕ ਜਵਾਨ ਦੀ ਜਾਨ ਹੀ ਨਹੀਂ ਜਾਂਦੀ, ਬਲਕਿ ਉਸ ਦੇ ਪਿਛੇ ਰਹਿ ਜਾਣ ਵਾਲੇ ਪਰਿਵਾਰ ਦੀ ਅਪਾਰ ਪੀੜ੍ਹਾ ਵੀ ਹੁੰਦੀ ਹੈ। ਉਨ੍ਹਾਂ ਦੀ ਪੀੜ੍ਹਾਂ ਦਾ ਹਿਸਾਬ ਕਿਸੇ ਕਿਤਾਬ ’ਚ ਦਰਜ ਨਹੀਂ ਹੁੰਦਾ। ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਵਿਖੇ ਕੁਲਗ੍ਰਾਮ ਦੇ ਅਖਲ ਜੰਗਲ ’ਚ ਐਨਕਾਊਂਟਰ ਦੌਰਾਨ ਸ਼ਹੀਦ ਹੋਏ ਪ੍ਰਿਤਪਾਲ ਸਿੰਘ ਦੀ ਸ਼ਹਾਦਤ ਨੇ ਸਮਰਾਲਾ ਦੇ ਪਿੰਡ ’ਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਸਦੀ ਮਾਂ ਦੀ ਵੈਣਾਂ, ਪਤਨੀ ਮਨਪ੍ਰੀਤ ਕੌਰ ਦੀ ਚੀਕਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਗ਼ਮਜਦਾ ਚਿਹਰੇ ਇਹ ਦਰਸਾਉਂਦੇ ਹਨ ਕਿ ਇਹ ਘਰ ਅੱਜ ਕਿੰਨਾ ਦੁਖੀ ਹੈ। ਪਤਨੀ ਮਨਪ੍ਰੀਤ ਕੌਰ ਦੇ ਹੱਥਾਂ ਤੋਂ ਅਜੇ ਸ਼ਗਨਾਂ ਦੀ ਮਹਿੰਦੀ ਵੀ ਨਹੀਂ ਲੱਥੀ ਕਿ ਇੰਨਾ ਵੱਡਾ ਹਾਦਸਾ ਵਾਪਰ ਗਿਆ। ਉਸ ਦੇ ਵਿਰਲਾਪ ਦੀਆਂ ਵੱਜਦੀਆਂ ਚੀਕਾਂ ਅਸਿਹਣਯੋਗ ਹਨ। ਪ੍ਰਿਤਪਾਲ ਦੇ ਦੋ ਵੱਡੇ ਭਰਾ ਤੇ ਪਿਤਾ ਖ਼ੁਦ ਨੂੰ ਸੰਭਾਲ ਨਹੀਂ ਪਾ ਰਿਹਾ। ਪੂਰੇ ਪਿੰਡ ’ਚ ਮਾਤਮ ਦਾ ਮਾਹੌਲ ਹੈ।

ਚਾਰ ਮਹੀਨੇ ਪਹਿਲਾਂ ਕੀਤਾ ਸੀ ਧੂਮਧਾਮ ਨਾਲ ਵਿਆਹ
ਸ਼ਹੀਦ ਦੇ ਤਾਇਆ ਸਾਬਕਾ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਚਾਰ ਕੁ ਮਹੀਨੇ ਪਹਿਲਾਂ ਪ੍ਰਿਤਪਾਲ ਸਿੰਘ ਦਾ ਵਿਆਹ ਧੂਮਧਾਮ ਨਾਲ ਕੀਤਾ ਗਿਆ ਸੀ। ਉਸ ਦਿਨ ਉਹ ਕਲਗੀ ਲਾ ਕੇ ਤੇ ਸਿਹਰਾ ਸਜਾ ਕੇ ਪਿੰਡ ਦੀਆਂ ਗਲ਼ੀਆਂ ’ਚੋਂ ਬਾਦਸ਼ਾਹ ਬਣ ਕੇ ਨਿਕਲਿਆ ਸੀ। ਉਸ ਤੋਂ ਬਾਅਦ ਸਾਰਾ ਪਰਿਵਾਰ ਉਸਦੀ ਪਹਿਲੀ ਛੁੱਟੀ ਨੂੰ ਉਡੀਕ ਰਿਹਾ ਸੀ ਪਰ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਹੁਣ ਪ੍ਰਿਤਪਾਲ ਸਿੰਘ ਤਿਰੰਗੇ ’ਚ ਲਿਪਟ ਕੇ ਹੀ ਘਰ ਵਾਪਸ ਪਰਤੇਗਾ। ਪ੍ਰਿਤਪਾਲ ਨਿਹਾਇਤ ਹੀ ਸ਼ਰੀਫ਼ ਤੇ ਸਾਊ ਸੁਭਾਅ ਵਾਲਾ ਨੌਜਵਾਨ ਸੀ। ਉਹ ਕਿਸੇ ਨੂੰ ਮੰਦਾ ਚੰਗਾ ਤਾਂ ਕੀ ਉਚੀ ਬੋਲਣਾ ਵੀ ਪਸੰਦ ਨਹੀਂ ਸੀ ਕਰਦਾ। ਪ੍ਰਿਤਪਾਲ ਨੇ ਫੌਜ ’ਚ ਭਰਤੀ ਹੋਣ ਤੋਂ ਬਾਅਦ ਕਮਾਡੋ ਟ੍ਰੇਨਿੰਗ ਵੀ ਹਾਸਲ ਕੀਤੀ ਸੀ। ਹੁਣ ਉਹ ਲਾਂਸ–ਨਾਇਕ ਤੋਂ ਪਦਉੱਨਤ ਹੋ ਕੇ ਨਾਇਕ ਬਣਨ ਜਾ ਰਿਹਾ ਸੀ।

ਦੱਸਣਯੋਗ ਹੈ ਕਿ ਪ੍ਰਿਤਪਾਲ ਦਲਿਤ ਪਰਿਵਾਰ ਦੇ ਕਿਰਤੀ ਹਰਬੰਸ ਸਿੰਘ ਦਾ ਪੁੱਤਰ ਹੈ। ਉਸ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚੋਂ 12ਵੀਂ ਦੀ ਪੜ੍ਹਾਈ ਕੀਤੀ ਸੀ ਤੇ ਇਸ ਤੋਂ ਬਾਅਦ ਫ਼ੌਜ਼ ’ਚ ਭਰਤੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਣ ਜਦੋਂ ਪਰਿਵਾਰ ਵੱਲੋਂ ਉਸਦੇ ਛੁੱਟੀ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਇਹ ਭਾਣਾ ਵਾਪਰ ਗਿਆ।

ਸ਼ਹੀਦ ਪ੍ਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਨੇ ਰੋਂਦਿਆਂ ਕਿਹਾ ਕਿ ਸਾਡਾ ਭਰਾ ਤਾਂ ਹੁਣ ਚਲਾ ਗਿਆ ਪਰ ਜਿਸ ਅੱਤਵਾਦੀ ਨੇ ਉਸ ਦੇ ਗੋਲ਼ੀਆਂ ਮਾਰੀਆਂ ਹਨ ਉਹ ਅਜੇ ਜਿਉਂਦਾ ਹੈ। ਬਸ ਫ਼ੌਜ ਹੁਣ ਸਾਡਾ ਇਹ ਬਦਲਾ ਲਵੇ ਤੇ ਉਸ ਅੱਤਵਾਦੀ ਨੂੰ ਮਾਰੇ। ਉਨ੍ਹਾਂ ਅੱਗੇ ਦੱਸਿਆ ਕਿ ਭਰਾ ਨੇ ਦੀਵਾਲੀ ਮੌਕੇ ਛੁੱਟੀ ਕੱਟਣ ਲਈ ਆਉਣਾ ਸੀ ਪਰ ਹੁਣ ਉਹ ਕਦੇ ਨਹੀਂ ਆਵੇਗਾ। ਉਸ ਨੇ ਦੱਸਿਆ ਕਿ ਰਾਤ ਪ੍ਰਿਤਪਾਲ ਸਿੰਘ ਦੇ ਦੋਸਤਾਂ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਪ੍ਰਿਤਪਾਲ ਦੇ ਸੱਟਾਂ ਲੱਗੀਆਂ ਹਨ। ਇਹ ਗੱਲ ਸੁਣ ਕੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਤੁਸੀਂ ਉਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ? ਅੱਗੋਂ ਉਨ੍ਹਾਂ ਕਿਹਾ ਕਿ ਕਰਵਾ ਦਿੱਤਾ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਨੇ ਇਹ ਗੱਲ ਆਖੀ ਕਿ ਉਹ ਖ਼ੁਦ ਵੀ ਕਸ਼ਮੀਰ ਆ ਜਾਵੇਗਾ ਤਾਂ ਅੱਗੋਂ ਪ੍ਰਿਤਪਾਲ ਦਾ ਦੋਸਤ ਫੋਨ ’ਤੇ ਹੀ ਰੋਣ ਲੱਗ ਪਿਆ ਤੇ ਉਸਨੇ ਰੋਂਦੇ-ਰੋਂਦੇ ਦੱਸਿਆ ਕਿ ਪ੍ਰਿਤਪਾਲ ਸਿੰਘ ਤਾਂ ਸ਼ਹੀਦ ਹੋ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ’ਚ ਸੋਕ ਦਾ ਮਾਹੌਲ ਪੈਦਾ ਹੋ ਗਿਆ।

Read Latest News and Breaking News at Daily Post TV, Browse for more News

Ad
Ad