CM ਮਾਨ ਅੱਜ 500 ਮਹਿਲਾ ਪੰਚ ਤੇ ਸਰਪੰਚਾਂ ਨੂੰ ਸੱਚਖੰਡ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਸਪੈਸ਼ਲ ਟ੍ਰੇਨ ਨੂੰ ਦੇਣਗੇ ਹਰੀ ਝੰਡੀ
Sachkhand Takht Shri Hazur Sahib train; ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਵਿੱਚੋਂ ਲਗਭਗ 500 ਮਹਿਲਾ ਪੰਚ ਤੇ ਸਰਪੰਚਾਂ ਨੂੰ ਸੱਚਖੰਡ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ।
ਇਸ ਸਬੰਧੀ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਮੁੱਖ ਮੰਤਰੀ ਪੰਜਾਬ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ, ਫਿਰ ਸੱਚਖੰਡ ਤਖਤ ਸ਼੍ਰੀ ਹਜੂਰ ਸਾਹਿਬ ਲਈ ਸਪੈਸ਼ਲ ਟ੍ਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਸਰਹਿੰਦ ਦੇ ਸੰਗਿਆਣਾ ਪੈਲੇਸ ਵਿਖੇ ਮੁੱਖ ਮੰਤਰੀ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ 500 ਦੇ ਲਗਭਗ ਨਵੇਂ ਬਣੇ ਪੰਚਾਇਤ ਘਰਾਂ ਅਤੇ ਸਾਂਝੇ ਸੇਵਾ ਕੇਂਦਰਾਂ ਦਾ ਵਰਚੁਅਲ ਉਦਘਾਟਨ ਕੀਤਾ ਜਾਵੇਗਾ ।
ਜ਼ਿਕਰਯੋਗ ਹੈ ਕਿ 13 ਅਗਸਤ ਨੂੰ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀਆਂ ਮਹਿਲਾਵਾਂ ਸਰਪੰਚ ਅਤੇ ਪੰਚਾਂ ਨੂੰ ਮਹਾਰਾਸ਼ਟਰ ਵਿਖੇ ਪੰਚਾਇਤੀ ਰਾਜ ਇਕਾਈਆਂ ਦੀ ਸਿਖਲਾਈ ਤੇ ਅਧਿਐਨ ਪ੍ਰੋਗਰਾਮ ਵਿਚ ਸ਼ਾਮਲ ਕੀਤਾ ਜਾਵੇਗਾ। ਪੰਚਾਇਤ ਸੰਮਤੀ, ਜ਼ਿਲ੍ਹਾ ਪਰਿਸ਼ਦ ਦੇ ਕਾਰਜਾਂ ਸਬੰਧੀ ਸਾਰੀ ਟ੍ਰੇਨਿੰਗ ਲੈ ਕੇ ਜਾਣਕਾਰੀ ਵੀ ਪ੍ਰਾਪਤ ਕਰਨਗੇ ਤੇ 18 ਅਗਸਤ ਨੂੰ ਵਾਪਸ ਪਰਤਣਗੇ ।
ਇਸ ਮੌਕੇ ਸਰਹਿੰਦ ਦੇ ਮਹਿਲਾ ਕੌਂਸਲਰ ਆਸਾ ਰਾਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਤਾਂਤਰਿਕ ਢੰਗ ਨਾਲ ਚੁਣੀਆਂ ਗਈਆਂ ਪੰਚਾਂ ਤੇ ਸਰਪੰਚਾਂ ਮਹਿਲਾਵਾਂ ਨੂੰ ਮੁਫਤ ਵਿੱਚ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣਾ ਸਲਾਘਾਯੋਗ ਕਦਮ ਹੈ, ਇਸ ਨਾਲ ਮਹਿਲਾਵਾਂ ਨੂੰ ਹੋਰ ਮਾਣ ਸਨਮਾਨ ਮਿਲੇਗਾ।