ਮੰਤਰੀ ਸੰਜੀਵ ਅਰੋੜਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਈਰਾਕ ਤੋਂ ਸੁਰੱਖਿਅਤ ਭਾਰਤ ਵਾਪਸ ਪਰਤੇ 10 ਨੌਜਵਾਨ ਚੋਂ 8 ਪੰਜਾਬ ਤੇ 2 ਹਿਮਾਚਲ ਦੇ
Punjab News: ਵਾਪਸ ਆਏ 6 ਨਾਗਰਿਕਾਂ ਚੋਂ 4 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ – ਤਰਨਤਾਰਨ, ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਹਨ, ਜਦੋਂ ਕਿ 2 ਨਾਗਰਿਕ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹਨ।
India Returned from Iraq: ਪੰਜਾਬ ਸਰਕਾਰ ਦੀ ਸਰਗਰਮ ਪਹਿਲਕਦਮੀ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਵਿਸ਼ੇਸ਼ ਯਤਨਾਂ ਨਾਲ, 6 ਭਾਰਤੀ ਨਾਗਰਿਕਾਂ ਨੂੰ ਇਰਾਕ ਤੋਂ ਸਫਲਤਾਪੂਰਵਕ ਵਾਪਸ ਲਿਆਂਦਾ ਗਿਆ। ਇਹ ਨਾਗਰਿਕ ਅੱਜ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਪਹੁੰਚੇ। ਦੱਸ ਦਈਏ ਕਿ 6 ਦਿਨ ਪਹਿਲਾਂ ਵੀ ਪੰਜਾਬ ਦੇ 4 ਨੌਜਵਾਨ ਈਰਾਕ ਤੋਂ ਭਾਰਤ ਵਾਪਸ ਆਏ ਸੀ।
ਵਾਪਸ ਆਏ 6 ਨਾਗਰਿਕਾਂ ਚੋਂ 4 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ – ਤਰਨਤਾਰਨ, ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਹਨ, ਜਦੋਂ ਕਿ 2 ਨਾਗਰਿਕ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹਨ। ਇਹ ਸਾਰੇ ਲੋਕ ਇਰਾਕ ਵਿੱਚ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਰਹਿ ਰਹੇ ਸਨ, ਜਿਨ੍ਹਾਂ ਦੀ ਵਾਪਸੀ ਲਈ ਰਾਜ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਸਾਰਥਕ ਯਤਨ ਕੀਤੇ।
ਘਰ ਵਾਪਸ ਆਉਣ ਵਾਲੇ ਇਨ੍ਹਾਂ ਨਾਗਰਿਕਾਂ ਵਿੱਚ ਸੌਰਵ (ਤਰਨਤਾਰਨ), ਗੁਰਪ੍ਰੀਤ ਸਿੰਘ (ਲੁਧਿਆਣਾ), ਸੰਜੀਵ ਕੁਮਾਰ ਅਤੇ ਅਭਿਲਾਸ਼ ਕੁਮਾਰ (ਹੁਸ਼ਿਆਰਪੁਰ) ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਤਾਰਾ ਚੰਦ ਅਤੇ ਚਰਨਜੀਤ ਸਵਾਮੀ ਸ਼ਾਮਲ ਹਨ। ਸਾਰੇ ਵਾਪਸ ਪਰਤੇ ਨਾਗਰਿਕਾਂ ਨੇ ਆਪਣੀ ਸੁਰੱਖਿਅਤ ਵਾਪਸੀ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।
ਮੰਤਰੀ ਅਰੋੜਾ ਨੇ ਕੇਂਦਰੀ ਵਿਦੇਸ਼ ਮੰਤਰੀ ਸਾਹਮਣੇ ਚੁੱਕਿਆ ਸੀ ਮੁੱਦਾ
ਮੰਤਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਕੋਲ ਉਠਾਇਆ ਸੀ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਹ ਲੋਕ ਇਰਾਕ ਵਿੱਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ, ਜਿੱਥੇ ਉਹ ਰੁਜ਼ਗਾਰ ਦੀ ਭਾਲ ਵਿੱਚ ਗਏ ਸਨ। ਉਨ੍ਹਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਸੀ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਸੀ। ਆਪਣੀ ਸੁਰੱਖਿਆ ਅਤੇ ਤੰਦਰੁਸਤੀ ਬਾਰੇ ਚਿੰਤਤ, ਇਨ੍ਹਾਂ ਲੋਕਾਂ ਨੇ ਭਾਰਤ ਵਾਪਸ ਜਾਣ ਦੀ ਤੀਬਰ ਇੱਛਾ ਪ੍ਰਗਟਾਈ ਸੀ।
ਅਰੋਰਾ ਨੇ ਰਸਮੀ ਤੌਰ ‘ਤੇ ਕੇਂਦਰੀ ਮੰਤਰੀ ਨੂੰ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਤੇਜ਼ ਕਰਨ ਲਈ ਇਰਾਕੀ ਦੂਤਾਵਾਸ ਨੂੰ ਕਈ ਈਮੇਲ ਵੀ ਭੇਜੇ। ਹਾਲ ਹੀ ਦੇ ਸਮੇਂ ਵਿੱਚ ਇਹ ਦੂਜਾ ਅਜਿਹਾ ਸਫਲ ਮਿਸ਼ਨ ਹੈ। ਇਹ ਸੰਜੀਵ ਅਰੋੜਾ ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਕਾਰਨ ਸੰਭਵ ਹੋਇਆ ਸੀ।