ਚੋਰੀ ਦੇ ਮੈਦਾਨ ‘ਚ ਔਰਤਾਂ ਵੀ ਆਈਆਂ ਅੱਗੇ, ਘਰ ਦੇ ਬਾਹਰ ਖੜ੍ਹੀ ਐਕਟਿਵਾ ਸਕੂਟਰੀ ਚੋਰੀ, ਘਟਨਾ ਸੀਸੀਟੀਵੀ ‘ਚ ਕੈਦ
Activa scooter stolen: ਦਿਨ-ਦਿਹਾੜੇ ਇੱਕ ਚੋਰ ਗਲੀ ‘ਚ ਖੜ੍ਹੀ ਐਕਟਿਵਾ ਚੋਰੀ ਕਰ ਕੇ ਲੈ ਗਿਆ ਤੇ ਕਿਸੇ ਨੂੰ ਪਤਾ ਤੱਕ ਨਹੀਂ ਲੱਗਾ। ਦਿਨ-ਦਿਹਾੜੇ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਹਨ, ਜਿੱਥੇ ਸ਼ਾਮ ਨਗਰ ਦੇ ਵਿੱਚ ਇੱਕ ਘਰ ਦੇ ਬਾਹਰੋਂ ਇਕੱਲਾ ਚੋਰ ਐਕਟਿਵਾ ਚੋਰੀ ਕਰ ਕੇ ਰਫੂਚੱਕਰ ਹੋ ਗਿਆ।
ਮਾਲਕ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਨੇ ਬਾਹਰ ਗਲੀ ‘ਚੋਂ ਆਪਣੀ ਐਕਟਿਵਾ ਗਾਇਬ ਦੇਖੀ। ਜਿਸ ਤੋਂ ਬਾਅਦ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਤਸਵੀਰਾਂ ਦੇਖ ਕੇ ਪਰਿਵਾਰ ਦੇ ਹੋਸ਼ ਉੱਡ ਗਏ। ਚਿੱਟੇ ਦਿਨ ਇਹ ਚੋਰ ਬੜੇ ਹੀ ਆਰਾਮ ਨਾਲ ਮਿੰਟਾਂ ‘ਚ ਐਕਟਿਵਾ ਚੋਰੀ ਕਰ ਕੇ ਫਰਾਰ ਹੋ ਗਿਆ। ਸੀਸੀਟੀਵੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।
ਵੀਡੀਓ ਦੇ ਵਿੱਚ ਇਹ ਚੋਰ ਜੋ ਪਹਿਲਾਂ ਗਲੀ ‘ਚ ਗੇੜੇ ਮਾਰਦਾ ਨਜ਼ਰ ਆਉਂਦਾ ਹੈ ਤੇ ਫਿਰ ਹੌਲੀ ਜਿਹੇ ਐਕਟਿਵਾ ‘ਤੇ ਜਾ ਬੈਠਦਾ ਹੈ। ਫਿਰ ਬੜੀ ਹੋਸ਼ਿਆਰੀ ਨਾਲ ਚਾਬੀ ਲਗਾਉਂਦਾ ਹੈ, ਜਿਵੇਂ ਹੀ ਐਕਟਿਵਾ ਦਾ ਲੌਕ ਖੁੱਲ੍ਹਦਾ ਹੈ ਤਾਂ ਇਹ ਚੋਰ ਐਕਟਿਵਾ ਸਟਾਰਟ ਕਰ ਉੱਥੋਂ ਭਜਾ ਲੈਂਦਾ ਹੈ ਤੇ ਫਰਾਰ ਹੋ ਜਾਂਦਾ ਹੈ। ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ ਕਿ ਐਕਟਿਵਾ ਚੋਰੀ ਹੋਈ ਹੈ। ਮਾਲਕ ਵੀ ਜਦੋਂ ਐਕਟਿਵਾ ਬਾਹਰੋਂ ਗਾਇਬ ਦੇਖਦਾ ਹੈ ਤਾਂ ਫਿਰ ਇੱਧਰ-ਉਧੱਰ ਲੱਭਣ ਦੀ ਕੋਸ਼ਿਸ਼ ਕਰਦਾ ਹੈ।
ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਐਕਟਿਵਾ ਚੋਰ ਲੈ ਗਿਆ ਹੈ। ਜਿਸ ਤੋਂ ਬਾਅਦ ਸ਼ਖਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੀ ਚੋਰ ਦੀ ਤਲਾਸ਼ ਕਰ ਰਹੀ ਹੈ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਦਿਨ-ਦਿਹਾੜੇ ਚੋਰੀਆਂ ਹੋਣ ਲੱਗ ਗਈਆਂ ਹਨ ਜਿਸ ਲਈ ਕਾਨੂੰਨ ਸਖਤ ਹੋਣਾ ਚਾਹੀਦਾ ਹੈ।
ਇਨ੍ਹਾਂ ਬੇਖੌਫ ਚੋਰਾਂ ਨੂੰ ਫੜ੍ਹ ਕੇ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਕਾਨੂੰਨ ਦਾ ਡਰ ਇਨ੍ਹਾਂ ਚੋਰਾਂ ਦੇ ਮਨਾਂ ਚ ਬੈਠੇ। ਜਿਸ ਲਈ ਲੋਕਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸੀ ਜਾਵੇ, ਤਾਂ ਜੋ ਲੋਕ ਵੀ ਸੁੱਖ ਦਾ ਸਾਹ ਲੈ ਸਕਣ।