ਫਾਜ਼ਿਲਕਾ ’ਚ ਅਵਾਰਾ ਪਸ਼ੂਆਂ ਨੇ ਕੁਚਲੀ ਇੱਕ ਸਾਲ ਦੀ ਬੱਚੀ, ਮੌਕੇ ’ਤੇ ਹੀ ਹੋਈ ਮੌਤ
ਅੱਜ ਫਾਜ਼ਿਲਕਾ ਵਿੱਚ ਪਸ਼ੂਆਂ ਵੱਲੋਂ ਕੁਚਲਣ ਕਾਰਨ ਇੱਕ ਸਾਲ ਦੀ ਬੱਚੀ ਦੀ ਮੌਤ ਹੋ ਗਈ। ਦਰਅਸਲ, ਰਾਜੇਸ਼ ਨਾਮ ਦਾ ਵਿਅਕਤੀ ਆਪਣੀ ਇੱਕ ਸਾਲ ਦੀ ਧੀ ਨਾਲ ਸਾਈਕਲ ‘ਤੇ ਪਿੰਡ ਜਾ ਰਿਹਾ ਸੀ। ਇਸ ਦੌਰਾਨ ਅਵਾਰਾ ਜਾਨਵਰਾਂ ਨੇ ਉਸਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਅਬੋਹਰ ਦੇ ਬੱਲੂਆਣਾ ਇਲਾਕੇ ਦੇ ਪਿੰਡ ਡੰਗਰ ਖੇੜਾ ਵਿੱਚ ਵਾਪਰਿਆ।
ਟੱਕਰ ਤੋਂ ਬਾਅਦ ਪਿਤਾ-ਧੀ ਦੋਵੇਂ ਸਾਈਕਲ ਤੋਂ ਡਿੱਗ ਪਏ। ਇਸ ਦੌਰਾਨ ਬੱਚੀ ਜਾਨਵਰ ਦੇ ਪੈਰਾਂ ਹੇਠ ਆ ਗਈ। ਬੱਚੀ ਰਹਿਮਤ ਦੀ ਜਾਨਵਰ ਵੱਲੋਂ ਕੁਚਲਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਵਾਰਾ ਜਾਨਵਰਾਂ ਦੀ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਹੁਣ ਤੱਕ ਸੜਕ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਿੰਡ ਵਾਸੀਆਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਮਹੀਨੇ ਪਹਿਲਾਂ ਪਸ਼ੂਆਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਸੀ। ਪਰ ਇਹ ਮੁਹਿੰਮ ਹੁਣ ਬੰਦ ਹੈ, ਜਿਸ ਕਾਰਨ ਅਵਾਰਾ ਜਾਨਵਰਾਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।