ਲੋਕਾਂ ਦੀ ਜਾਨ ‘ਤੇ ਟੁੱਟਿਆ ਹੜ੍ਹ ਦਾ ਕਹਿਰ! ਬਿਆਸ ਨਦੀ ‘ਚ ਵਿਅਕਤੀ ਦੀ ਮਿਲੀ ਲਾਸ਼
Flood in Punjab: ਪਿੰਡ ਸਲੇਮਪੁਰ ਮੰਡ ਇਲਾਕੇ ਵਿਚ ਬਿਆਸ ਦਰਿਆ ਦੇ ਹੜ੍ਹ ਵਿਚ ਇਕ ਵਿਅਕਤੀ ਦੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਰੜਾ ਵਾਸੀ ਜੈਲਾ ਪੁੱਤਰ ਪਿਆਰਾ ਲਾਲ ਹਾਲ ਵਾਸੀ ਜਲਾਲਪੁਰ ਆਪਣੇ ਦੋ ਸਾਥੀਆਂ ਨਾਲ ਜਦੋਂ ਬਿਆਸ ਦਰਿਆ ਦੇ ਹੜ ਵਿਚ ਫਸੇ ਕੁਝ ਵਿਅਕਤੀਆਂ ਦੀ ਮਦਦ ਲਈ ਪਾਣੀ ਵਿਚ ਗਿਆ ਤਾਂ ਉਹ ਪਾਣੀ ਵਿਚ ਡੁੱਬ ਗਿਆ।
ਸਵੇਰੇ 10 ਵਜੇ ਦੇ ਕਰੀਬ ਪਾਣੀ ਵਿਚ ਡੁੱਬੇ ਜੈਲਾ ਦੀ ਭਾਲ ਲਈ ਪਰਿਵਾਰ ਨੇ ਇਲਾਕਾ ਵਾਸੀਆਂ ਦੀ ਮਦਦ ਨਾਲ ਉੱਦਮ ਕੀਤਾ ਪਰ ਸਮੇਂ ਸਿਰ ਪ੍ਰਸ਼ਾਸਨ ਵੱਲੋਂ ਮਦਦ ਨਹੀਂ ਮਿਲਣ ‘ਤੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਲਾਸ਼ ਨੂੰ ਦੁਪਹਿਰ 3 ਵਜੇ ਦੇ ਕਰੀਬ ਭਾਈ ਮਨਜੋਤ ਸਿੰਘ ਤਲਵੰਡੀ ਦੀ ਟੀਮ ਅਤੇ ਸਰਪੰਚ ਚਰਨਜੀਤ ਸਿੰਘ ਨਿੱਕੂ ਦੀ ਮਦਦ ਨਾਲ ਪਾਣੀ ਵਿੱਚੋ ਬਾਹਰ ਕੱਢਿਆ ਗਿਆ।
ਇਸ ਮੌਕੇ ਮੌਜੂਦ ਬੀ. ਕੇ. ਯੂ. ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰੜਾ ਅਤੇ ਹੋਰਨਾਂ ਲੋਕਾਂ ਨੇ ਰੋਸ ਜਤਾਇਆ ਕਿ ਪ੍ਰਸ਼ਾਸਨ ਨੂੰ ਸਮੇਂ ਸਿਰ ਸੂਚਿਤ ਕਰਨ ਦੇ ਬਾਵਜੂਦ ਕਈ ਘੰਟਿਆਂ ਬਾਅਦ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ। ਉਨ੍ਹਾਂ ਸਰਕਾਰ ਤੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।