‘ਛੋਟੇ ਕੱਪੜੇ ਪਾਉਣਾ ਗੁਨਾਹ ਨਹੀਂ’, ਅਦਾਲਤ ਨੇ ਇਨ੍ਹਾਂ ਔਰਤਾਂ ਨੂੰ ਕੀਤਾ ਬਰੀ
Delhi Court: ਦਿੱਲੀ ਦੀ ਤੀਸ ਹਜ਼ਾਰੀ ਮੈਜਿਸਟ੍ਰੇਟ ਅਦਾਲਤ ਨੇ ਬਾਰ ‘ਚ ਅਸ਼ਲੀਲ ਡਾਂਸ ਕਰਨ ਦੇ ਦੋਸ਼ ‘ਚ 7 ਔਰਤਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਛੋਟੇ ਕੱਪੜੇ ਪਾਉਣਾ ਜਾਂ ਗੀਤਾਂ ‘ਤੇ ਨੱਚਣਾ ਅਪਰਾਧ ਨਹੀਂ ਹੈ।
New Delhi News: ਤੀਸ ਹਜ਼ਾਰੀ ਦੀ ਮੈਜਿਸਟ੍ਰੇਟ ਅਦਾਲਤ ਨੇ 7 ਔਰਤਾਂ ਨੂੰ ਬਰੀ ਕਰ ਦਿੱਤਾ ਹੈ। ਪਿਛਲੇ ਸਾਲ ਉਨ੍ਹਾਂ ‘ਤੇ ਇੱਕ ਬਾਰ ‘ਚ ਅਸ਼ਲੀਲ ਡਾਂਸ ਕਰਨ ਅਤੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲੱਗਾ ਸੀ। ਅਦਾਲਤ ਨੇ ਕਿਹਾ ਕਿ ਨਾ ਤਾਂ ਛੋਟੇ ਕੱਪੜੇ ਪਾਉਣਾ ਅਪਰਾਧ ਹੈ ਅਤੇ ਨਾ ਹੀ ਕਿਸੇ ਨੂੰ ਗੀਤਾਂ ‘ਤੇ ਨੱਚਣ ਲਈ ਸਜ਼ਾ ਦਿੱਤੀ ਜਾ ਸਕਦੀ ਹੈ।
ਪਹਾੜਗੰਜ ਪੁਲਿਸ ਸਟੇਸ਼ਨ ਨੇ ਇਨ੍ਹਾਂ ਔਰਤਾਂ ਦੇ ਖਿਲਾਫ IPC ਦੀ ਧਾਰਾ 294 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੀਤੂ ਸ਼ਰਮਾ ਨੇ 4 ਫਰਵਰੀ ਨੂੰ ਦਿੱਤੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸਤਗਾਸਾ ਪੱਖ ਇਸ ਕੇਸ ਵਿੱਚ ਕੋਈ ਵੀ ਜੁਰਮ ਸਾਬਤ ਕਰਨ ਵਿੱਚ ਅਸਫਲ ਰਿਹਾ। ਅਦਾਲਤ ਨੇ ਕਿਹਾ ਕਿ ਹੁਣ ਨਾ ਤਾਂ ਛੋਟੇ ਕੱਪੜੇ ਪਾਉਣਾ ਅਪਰਾਧ ਹੈ ਅਤੇ ਨਾ ਹੀ ਗਾਣਿਆਂ ‘ਤੇ ਡਾਂਸ ਕਰਨ ‘ਤੇ ਸਜ਼ਾ ਦਿੱਤੀ ਜਾ ਸਕਦੀ ਹੈ, ਭਾਵੇਂ ਇਹ ਡਾਂਸ ਜਨਤਕ ਤੌਰ ‘ਤੇ ਕੀਤਾ ਜਾਵੇ।
ਜਾਣੋ ਕੀ ਸੀ ਪੂਰਾ ਮਾਮਲਾ
ਇਹ ਮਾਮਲਾ ਸਬ-ਇੰਸਪੈਕਟਰ (SI) ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਹ ਉਸ ਸਮੇਂ ਇਲਾਕੇ ‘ਚ ਗਸ਼ਤ ‘ਤੇ ਸੀ। ਇਲਜ਼ਾਮ ਸੀ ਕਿ ਜਦੋਂ ਉਹ ਬਾਰ ਵਿੱਚ ਦਾਖ਼ਲ ਹੋਇਆ ਤਾਂ ਉਸ ਨੇ ਛੋਟੇ ਕੱਪੜਿਆਂ ਵਿੱਚ ਕੁਝ ਕੁੜੀਆਂ ਨੂੰ ਅਸ਼ਲੀਲ ਗੀਤਾਂ ‘ਤੇ ਨੱਚਦਿਆਂ ਦੇਖਿਆ।
ਅਦਾਲਤ ਨੇ ਕਿਹਾ ਕਿ ਪੁਲਿਸ ਅਧਿਕਾਰੀ ਨੇ ਕਿਤੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਨਾਚ ਕਿਸੇ ਹੋਰ ਵਿਅਕਤੀ ਨੂੰ ਪਰੇਸ਼ਾਨ ਕਰ ਰਿਹਾ ਸੀ। ਇਸਤਗਾਸਾ ਪੱਖ ਦੇ ਦੋ ਗਵਾਹਾਂ ਨੇ ਕਿਹਾ ਕਿ ਉਹ ਉੱਥੇ ਮੌਜ-ਮਸਤੀ ਲਈ ਗਏ ਸੀ ਤੇ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ।
‘ਪੁਲਿਸ ਨੇ ਕਹਾਣੀ ਘੜੀ, ਪਰ ਉਹ…’
ਅਦਾਲਤ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਪੁਲਿਸ ਨੇ ਇੱਕ ਕਹਾਣੀ ਘੜੀ, ਪਰ ਇਸ ਨੂੰ ਜਨਤਾ ਦਾ ਸਮਰਥਨ ਨਹੀਂ ਮਿਲਿਆ। ਅਜਿਹੇ ਹਾਲਾਤ ਵਿੱਚ, ਜੇਕਰ ਅਸੀਂ ਐਸਆਈ ਧਰਮਿੰਦਰ ਦੇ ਦਾਅਵੇ ਨੂੰ ਮੰਨ ਵੀ ਲੈਂਦੇ ਹਾਂ, ਤਾਂ ਵੀ ਇਹ ਅਪਰਾਧ ਨੂੰ ਸਥਾਪਿਤ ਨਹੀਂ ਕਰਦਾ। ਡਿਊਟੀ ‘ਤੇ ਤਾਇਨਾਤ ਪੁਲਿਸ ਅਧਿਕਾਰੀ ਸਿਰਫ਼ ਡੀਡੀ ਐਂਟਰੀ ਰਾਹੀਂ ਹੀ ਥਾਣੇ ਛੱਡ ਸਕਦਾ ਹੈ, ਨਹੀਂ ਤਾਂ ਨਹੀਂ। ਅਦਾਲਤ ਨੇ ਪੁਲਿਸ ਦੀ ਜਾਂਚ ਵਿਚ ਆਮ ਆਦਮੀ ਤੋਂ ਲੈ ਕੇ ਕਿਸੇ ਵੀ ਵਿਅਕਤੀ ਨੂੰ ਸ਼ਾਮਲ ਕਰਨ ਵਿਚ ਨਾਕਾਮ ਰਹਿਣ ‘ਤੇ ਵੀ ਸਵਾਲ ਉਠਾਏ ਹਨ।