ਹੜ੍ਹ ਕਹਿਰ ਝੱਲ ਨਾ ਸਕਿਆ ਕਿਸਾਨ, ਘੱਗਰ ਦਰਿਆ ‘ਚ ਚੜ੍ਹੇ ਪਾਣੀ ਨੂੰ ਵੇਖ ਕੇ ਨੌਜਵਾਨ ਕਿਸਾਨ ਦੀ ਮੌਤ
Young farmer died; ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਰਹਿੰਦੇ ਇਕ ਕਿਸਾਨ ਨੇ ਜਦੋਂ ਘੱਗਰ ਦਰਿਆ ਵਿਚ ਪਾਣੀ ਵਧਣ ਨਾਲ ਕਿਨਾਰੇ ਨੂੰ ਲੱਗੀ ਖੋਰ ਵੇਖੀ ਤਾਂ ਅਚਾਨਕ ਦਹਿਲ ਗਿਆ। ਉਹ ਵਿਗੜਦੇ ਹਾਲਾਤ ਕਾਰਨ ਆਪਣੀ ਜਾਨ ਗੁਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਅਤੇ ਰਾਜੂ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਮੋਹਨ ਲਾਲ (45) ਪੁੱਤਰ ਲਾਲ ਸਿੰਘ ਜੋ ਇਕ ਛੋਟਾ ਕਿਸਾਨ ਸੀ। ਉਸਨੇ ਆਪਣੀ ਘੱਗਰ ਕਿਨਾਰੇ ਲਗਦੀ ਜ਼ਮੀਨ ਦੇ ਨਾਲ ਹੋਰ ਵੀ ਸੱਤ ਅੱਠ ਏਕੜ ਜ਼ਮੀਨ ਠੇਕੇ ‘ਤੇ ਲੈਕੇ ਝੋਨਾ ਲਾਇਆ ਹੋਇਆ ਸੀ।
ਪਿਛਲੇ ਕਈ ਦਿਨਾਂ ਤੋਂ ਘੱਗਰ ਦਰਿਆ ਵਿਚ ਪਾਣੀ ਵਧਦੇ ਰਹਿਣ ਕਾਰਨ ਉਹ ਕਿਨਾਰਿਆਂ ਦੀ ਰਾਖੀ ਲਈ ਸਾਰੀ ਰਾਤ ਜਾਗਦਾ ਰਿਹਾ। ਜਦੋਂ ਉਸਨੇ ਸਵੇਰੇ ਖੇਤ ਦਾ ਕਿਨਾਰਾ ਰੁੜ੍ਹਦਾ ਵੇਖਿਆ ਤਾਂ ਉਹ ਦਹਿਲ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮਿਰਤਕ ਕਿਸਾਨ ਮੋਹਨ ਲਾਲ ਆਪਣੇ ਪਿਛੇ ਵਿਧਵਾ ਪਤਨੀ ਤੋਂ ਇਲਾਵਾ ਚਾਰ ਨਾਬਾਲਿਗ ਬੱਚੇ ਛੱਡ ਗਿਆ ਹੈ। ਸਮਾਜ ਸੇਵੀ ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਕਿਸਾਨ ਦੇ ਪਰਿਵਾਰ ਦੀ ਸਰਕਾਰ ਵੱਲੋਂ ਤਰੁੰਤ ਆਰਥਿਕ ਮਦਦ ਕਰਨੀ ਚਾਹੀਦੀ ਹੈ। ਕਿਉਂਕਿ ਇਹ ਕੁਦਰਤੀ ਮੌਤ ਨਹੀਂ, ਸਗੋਂ ਇਹ ਘੱਗਰ ਦਰਿਆ ਦੇ ਸੰਭਾਵੀ ਹੜ੍ਹ ਦੇ ਡਰ ਕਾਰਨ ਹੋਈ ਹੈ।