8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ, ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ
ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ
ਤਾਜ਼ਾ ਗ੍ਰਿਫ਼ਤਾਰੀਆਂ ਨਾਲ ਤਰਨ ਤਾਰਨ ਅਤੇ ਅੰਮ੍ਰਿਤਸਰ ਦੇ ਪੇਂਡੂ ਇਲਾਕਿਆਂ ਵਿੱਚ ਸਰਹੱਦ ਪਾਰੋਂ ਚੱਲ ਰਹੇ ਅੰਤਰ-ਬਾਰਡਰ ਕਾਰਟੈਲ ਦੇ ਇੱਕ ਹੋਰ ਮਜ਼ਬੂਤ ਗੱਠਜੋੜ ਦਾ ਹੋਇਆ ਪਰਦਾਫਾਸ਼, ਜਿਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਚੰਡੀਗੜ੍ਹ/ਅੰਮ੍ਰਿਤਸਰ: 8.1 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ‘ਤੇ ਤੁਰੰਤ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਚਾਰ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋਗ੍ਰਾਮ ਹੈਰੋਇਨ, .30 ਬੋਰ ਪਿਸਤੌਲ ਸਮੇਤ ਇੱਕ ਮੈਗਜ਼ੀਨ ਬਰਾਮਦ ਕੀਤੀ ਹੈ, ਜਿਸ ਨਾਲ ਇਸ ਮਾਮਲੇ ਵਿੱਚ ਜ਼ਬਤ ਕੀਤੀ ਗਈ ਹੈਰੋਇਨ 20.1 ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਭੇਜ ਸਿੰਘ (50) ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ (22) ਦੋਵੇਂ ਵਾਸੀ ਪਿੰਡ ਨਾਰਲਾ, ਤਰਨਤਾਰਨ; ਮਲਕੀਤ ਸਿੰਘ (50) ਵਾਸੀ ਪਿੰਡ ਡੱਲ, ਤਰਨਤਾਰਨ ਅਤੇ ਗੁਰਜੀਤ ਸਿੰਘ (29) ਵਾਸੀ ਪਿੰਡ ਕੋਟਲੀ ਸਾਕਾ, ਅਜਨਾਲਾ, ਅੰਮ੍ਰਿਤਸਰ ਵਜੋਂ ਹੋਈ ਹੈ।
ਇਹ ਸਫਲਤਾ ਪੰਜਾਬ ਪੁਲਿਸ ਵੱਲੋਂ ਬਦਨਾਮ ਨਸ਼ਾ ਤਸਕਰ ਸੋਨੀ ਸਿੰਘ ਉਰਫ਼ ਸੋਨੀ ਨੂੰ ਉਸ ਦੇ ਚਾਰ ਸਾਥੀਆਂ – ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ ਉਰਫ਼ ਗੋਲਾ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ – ਸਮੇਤ ਗ੍ਰਿਫ਼ਤਾਰ ਕਰਕੇ ਹੈਰੋਇਨ ਤਸਕਰੀ ਕਾਰਟੈਲ ਦਾ ਪਰਦਾਫਾਸ਼ ਕਰਨ ਉਪਰੰਤ ਹਾਸਲ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 8.1 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਤਰਨਤਾਰਨ ਅਤੇ ਅੰਮ੍ਰਿਤਸਰ ਪੇਂਡੂ ਖੇਤਰਾਂ ਵਿੱਚ ਸਰਹੱਦ ਪਾਰੋਂ ਚੱਲ ਰਹੇ ਕਾਰਟੈਲ ਦੇ ਇੱਕ ਹੋਰ ਮਜ਼ਬੂਤ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀ ਇੱਕ ਦੂਜੇ ਨਾਲ ਅਤੇ ਪਾਕਿਸਤਾਨ ਸਥਿਤ ਤਸਕਰਾਂ ਨਾਲ ਗੱਲਬਾਤ ਕਰਨ ਲਈ ਵਟਸਐਪ ਦੀ ਵਰਤੋਂ ਕਰ ਰਹੇ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ, ਐਫਆਈਆਰ ਨੰਬਰ 177 ਮਿਤੀ 06-09-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ, 27-ਏ, 21-ਸੀ ਅਤੇ 29 ਤਹਿਤ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਪਹਿਲਾਂ ਹੀ ਦਰਜ ਕੀਤੀ ਜਾ ਚੁੱਕੀ ਹੈ।