ਆਟੋ ‘ਚ ਬੈਠੇ ਬੱਚਿਆਂ ਦੀ ਗਿਣਤੀ ਦੇਖ ਟ੍ਰੈਫਿਕ ਪੁਲਿਸ ਵੀ ਹੋਈ ਹੈਰਾਨ, ਕੱਟਿਆ ਚਲਾਨ ਤੇ ਦਿੱਤੀ ਸਖ਼ਤ ਚਿਤਾਵਨੀ
Faridkot News; ਫਰੀਦਕੋਟ ਜ਼ਿਲ੍ਹਾ ਟਰੈਫਿਕ ਇੰਚਾਰਜ ਵੱਲੋਂ ਅੱਜ ਇੱਕ ਸਕੂਲ ਦੇ ਬੱਚਿਆਂ ਨੂੰ ਲਿਜਾ ਰਹੇ ਆਟੋ ਨੂੰ ਰੋਕਿਆ। ਜਿਸ ਵਿੱਚ ਸਮਰੱਥਾ ਤੋਂ ਜਿਆਦਾ ਬੱਚੇ ਬਿਠਾਏ ਹੋਏ ਸਨ।ਜਦੋਂ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਵਕੀਲ ਸਿੰਘ ਨੇ ਬੱਚਿਆਂ ਨੂੰ ਆਟੋ ਤੋਂ ਨੀਚੇ ਉਤਾਰ ਕੇ ਉਹਨਾਂ ਦੀ ਗਿਣਤੀ ਕੀਤੀ, ਤਾਂ ਉਹ ਖੁਦ ਵੀ ਹੈਰਾਨ ਰਹਿ ਗਏ। ਜਦੋਂ ਦੇਖਿਆ ਕਿ ਸਕੂਲੀ ਆਟੋ ਵਿੱਚ ਜਿਸ ਦੀ ਕਪੈਸਿਟੀ ਮਹਿਜ਼ ਪੰਜ ਸਵਾਰੀਆਂ ਦੀ ਹੈ, ਉਸ ਵਿੱਚ ਠੂਸ-ਠੂਸ ਕੇ 19 ਬੱਚਿਆਂ ਨੂੰ ਬਿਠਾਇਆ ਹੋਇਆ ਸੀ। ਜਿਸ ਤੋਂ ਬਾਅਦ ਟਰੈਫਿਕ ਇੰਚਾਰਜ ਵੱਲੋਂ ਉਕਤ ਆਟੋ ਚਾਲਕ ਦਾ ਚਲਾਨ ਕੀਤਾ ਅਤੇ ਨਾਲ ਹੀ ਦੂਜੇ ਸਕੂਲੀ ਆਟੋ ਚਾਲਕਾਂ ਨੂੰ ਚੇਤਾਵਨੀ ਦਿੱਤੀ। ਕਿਹਾ ਕਿ ਉਹ ਇਸ ਤਰ੍ਹਾਂ ਦੇ ਰਿਸਕ ਨਾ ਲੈਣ, ਜਿਸ ਨਾਲ ਕਿਸੇ ਹਾਦਸੇ ਮੌਕੇ ਬੱਚਿਆਂ ਦੀ ਜਾਨ ਤੇ ਭਾਰਾ ਪੈ ਸਕੇ।
ਉਧਰ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਉਸੇ ਆਟੋ ਵਿੱਚ ਬਿਠਾਉਣ, ਜਿਸ ਵਿੱਚ ਸਮਰੱਥਾ ਮੁਤਾਬਕ ਬੱਚੇ ਬਿਠਾਏ ਜਾਂਦੇ ਹਨ। ਉਹਨਾਂ ਕਿਹਾ ਕਿ ਖੁਦਾ ਨਾ ਖਾਸਤਾ ਅਗਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਹਨਾਂ ਬੱਚਿਆਂ ਨੂੰ ਬਚਾਉਣਾ ਬਹੁਤ ਮੁਸ਼ਕਲ ਹੋ ਸਕਦਾ ਹੈ, ਜਿਸ ਮੌਕੇ ਉਹਨਾਂ ਨੂੰ ਸੱਟਾਂ ਵੀ ਲੱਗ ਸਕਦੀਆਂ ਹਨ ਅਤੇ ਹੋਰ ਮਾੜੇ ਨਤੀਜੇ ਵੀ ਨਿਕਲ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਮੇਂ ਸਮੇਂ ਤੇ ਸੈਮੀਨਾਰ ਲਗਾ ਕੇ ਸਕੂਲ ਵੈਨਜ਼ ਡਰਾਇਵਰਾਂ ਅਤੇ ਆਟੋ ਚਾਲਕਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਬੱਚਿਆਂ ਦੀ ਜਾਨ ਨਾਲ ਕਿਸੇ ਕਿਸਮ ਦਾ ਕੋਈ ਰਿਸਕ ਨਾ ਲਿਆ ਜਾਵੇ। ਪਰ ਫਿਰ ਵੀ ਦੇਖਣ ਵਿੱਚ ਆ ਰਿਹਾ ਕਿ ਇਸ ਸਭ ਤੋਂ ਵੈਨ ਚਾਲਕ ਅਤੇ ਆਟੋ ਚਾਲਕ ਕੋਈ ਸਬਕ ਨਹੀਂ ਲੈਂਦੇ। ਉਹਨਾਂ ਕਿਹਾ ਕਿ ਜੇਕਰ ਫਿਰ ਵੀ ਇਸ ਤਰ੍ਹਾਂ ਦੀ ਅਣਗਹਿਲੀ ਕਰਦਾ ਕੋਈ ਆਟੋ ਜਾਂ ਸਕੂਲ ਵੈਂਨ ਪਾਈ ਗਈ ਤਾਂ ਉਸ ਦਾ ਤੁਰੰਤ ਚਲਾਨ ਕੱਟਣ ਦੇ ਨਾਲ ਨਾਲ ਉਸਨੂੰ ਇੰਪਾਊਂਡ ਵੀ ਕੀਤਾ ਜਾ ਸਕਦਾ ਹੈ।