ਅੰਮ੍ਰਿਤਸਰ ਦੁਰਗਿਆਣਾ ਮੰਦਰ ਬਾਹਰ ਬੇਅਦਬੀ ਦਾ ਮਾਮਲਾ, ਪੁਲਿਸ ‘ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ

Durgiana Temple Amritsar: ਸੋਮਦੇਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਰੁਟੀਨ ਅਨੁਸਾਰ ਮੰਦਰ ਵਿੱਚ ਪਾਠ ਕਰਨ ਤੋਂ ਬਾਅਦ ਮਾਤਾ ਭਗਵਤੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਮੰਦਰ ਬਾਹਰ ਗ੍ਰੰਥ ਦੇ ਕੁਝ ਪੰਨੇ ਪਏ ਹੋਏ ਨਜ਼ਰ ਆਏ।
Sacrilege case Amritsar: ਨਵਰਾਤਰਿਆਂ ਦੇ ਪਹਿਲੇ ਦਿਨ ਅੰਮ੍ਰਿਤਸਰ ਦੇ ਮਸ਼ਹੂਰ ਦੁਰਗਿਆਣਾ ਮੰਦਰ ਦੇ ਬਾਹਰ ਧਾਰਮਿਕ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਬਾਹਰ ਧਾਰਮਿਕ ਗ੍ਰੰਥ ਸ਼੍ਰੀਮਦ ਭਾਗਵਤ ਗੀਤਾ ਦੇ ਪਾੜੇ ਹੋਏ ਪੰਨੇ ਮਿਲੇ। ਜਿਸ ਨਾਲ ਹਿੰਦੂ ਸੰਗਠਨਾਂ ‘ਚ ਰੋਸ ਪੈਦਾ ਹੋਇਆ।
ਇਸ ਮਾਮਲੇ ਨੂੰ ਸ੍ਰੀ ਬੜੇ ਹਨੂਮਾਨ ਮੰਦਰ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਸੋਮਦੇਵ ਸ਼ਰਮਾ ਨੇ ਉਠਾਇਆ ਅਤੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਕਿ ਘਟਨਾ ਦੀ ਸੂਚਨਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸੋਮਦੇਵ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਆਪਣੀ ਰੁਟੀਨ ਅਨੁਸਾਰ ਮੰਦਰ ਵਿੱਚ ਪਾਠ ਕਰਨ ਤੋਂ ਬਾਅਦ ਮਾਤਾ ਭਗਵਤੀ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਮੰਦਰ ਬਾਹਰ ਗ੍ਰੰਥ ਦੇ ਕੁਝ ਪੰਨੇ ਪਏ ਹੋਏ ਨਜ਼ਰ ਆਏ। ਜਦੋਂ ਇਸ ਬਾਰੇ ਪੁਜਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਫੁੱਲਾਂ ਦੇ ਨਾਲ ਲਪੇਟ ਕੇ ਬਾਹਰੋਂ ਭੇਜੇ ਗਏ ਸੀ।
ਸ਼ਰਮਾ ਮੁਤਾਬਕ, ਉਨ੍ਹਾਂ ਨੇ ਆਪਣੇ ਸਾਹਮਣੇ ਇੱਕ ਵਿਅਕਤੀ ਦੇ ਪੈਰਾਂ ਹੇਠਾਂ ਗੀਤਾ ਦਾ ਪੰਨਾ ਮਿਲਿਆ, ਜਿਸ ਨੂੰ ਉਹਨਾਂ ਨੇ ਉਥੋਂ ਚੁੱਕਿਆ। ਉਨ੍ਹਾਂ ਦਾ ਦਾਅਵਾ ਹੈ ਕਿ ਜੋ ਅੰਗ ਮਿਲੇ ਉਹ ਸ਼੍ਰੀਮਦ ਭਾਗਵਤ ਗੀਤਾ ਦੇ ਚੌਥੇ ਅਧਿਆਇ ਦੇ ਸੀ, ਜਿਸ ਵਿੱਚ “ਸ਼੍ਰੀ ਕ੍ਰਿਸ਼ਨ ਵਾਚ” ਅਤੇ “ਸ਼੍ਰੀ ਅਰਜਨ ਵਾਚ” ਸ਼ਬਦ ਸਪਸ਼ਟ ਲਿਖੇ ਹੋਏ ਸੀ। ਇਹ ਸਾਰਾ ਮਾਮਲਾ ਉਨ੍ਹਾਂ ਨੇ ਤੁਰੰਤ ਪੁਲਿਸ ਚੌਂਕੀ ਇੰਚਾਰਜ ਦੇ ਧਿਆਨ ਵਿੱਚ ਲਿਆ ਕੇ ਅਰਜ਼ੀ ਦਿੱਤੀ, ਪਰ “ਜੋ ਕਰਨਾ ਕਰ ਲਓ” ਦੇ ਜਵਾਬ ਨਾਲ ਉਹਨਾਂ ਨੂੰ ਨਿਰਾਸ਼ਾ ਮਿਲੀ।
ਸੋਮਦੇਵ ਸ਼ਰਮਾ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਅੱਜ ਤੱਕ ਉਹਨਾਂ ਦੀਆਂ ਕਈ ਵਾਰ ਪੁਲਿਸ ਨਾਲ ਗੱਲਬਾਤ ਹੋਈ, ਪਰ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਦੀ ਮਨਜ਼ੂਰੀ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਸਾਫ਼ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜਕ ਅਮਨ-ਸ਼ਾਂਤੀ ਨੂੰ ਭੰਗ ਕਰਨ ਵਾਲੀ ਘਟਨਾ ਹੈ।
ਇਸ ਦੇ ਨਾਲ ਹੀ ਹਿੰਦੂ ਨੇਤਾ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਹ ਮਾਮਲਾ ਜਨਤਾ ਦੇ ਸਾਹਮਣੇ ਲੈ ਕੇ ਜਾਣਗੇ। ਉਨ੍ਹਾਂ ਦਾ ਕਹਿਣਾ ਸੀ ਕਿ, ਸ਼੍ਰੀ ਭਗਵਤ ਗੀਤਾ ਸਾਡੇ ਜੀਵਨ ਦਾ ਯਥਾਰਥ ਹੈ। ਇਸ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਮੈਂ ਕੋਈ ਰਾਜਨੀਤਿਕ ਸ਼ੋਰ ਮਚਾਉਣ ਨਹੀਂ ਚਾਹੁੰਦਾ, ਸਿਰਫ਼ ਧਰਮ ਅਨੁਸਾਰ ਨਿਆਂ ਦੀ ਮੰਗ ਕਰਦਾ ਹਾਂ।
ਦੂਜੇ ਪਾਸੇ, ਦੁਰਗਾ ਚੌਂਕੀ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ‘ਚ ਹੈ ਅਤੇ ਸੋਮਦੇਵ ਸ਼ਰਮਾ ਵੱਲੋਂ ਦਿੱਤੀ ਗਈ ਅਰਜ਼ੀ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ, ਜਾਂਚ ਤੋਂ ਬਾਅਦ ਹੀ ਅਗਲੇ ਕਦਮ ਚੁੱਕੇ ਜਾਣਗੇ। ਇਸ ਘਟਨਾ ਨਾਲ ਮੰਦਿਰ ਪਰਿਸਰ ‘ਚ ਆਉਣ ਵਾਲੇ ਭਗਤਾਂ ‘ਚ ਚਰਚਾ ਅਤੇ ਚਿੰਤਾ ਦਾ ਮਾਹੌਲ ਹੈ। ਨਵਰਾਤਰਿਆਂ ਦੇ ਸ਼ੁਭ ਅਵਸਰ ਤੇ ਧਾਰਮਿਕ ਗ੍ਰੰਥਾਂ ਨਾਲ ਬੇਅਦਬੀ ਨੇ ਲੋਕਾਂ ਦੇ ਮਨਾਂ ਵਿੱਚ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ।