Ind Vs Pak: ਭਾਰਤ ਤੋਂ ਹਾਰ ਬਰਦਾਸ਼ਤ ਨਹੀਂ ਕਰ ਸਕੇ ਪਾਕਿਸਤਾਨ ਦੇ ਕਪਤਾਨ ਸਲਮਾਨ, ਸਾਰਿਆ ਸਾਹਮਣੇ ਵਗ੍ਹਾ ਮਾਰਿਆ ਰਨਰ-ਅੱਪ ਚੈੱਕ ਅਤੇ ਫਿਰ…

Ind Vs Pak: ਏਸ਼ੀਆ ਕੱਪ 2025 ਦਾ ਖਿਤਾਬ ਟੀਮ ਇੰਡੀਆ ਨੇ ਜਿੱਤਿਆ ਹੈ। ਇਹ ਨੌਵੀਂ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਹੈ। ਪੂਰੇ ਏਸ਼ੀਆ ਕੱਪ ਦੌਰਾਨ ਪਾਕਿਸਤਾਨ ਪਰੇਸ਼ਾਨ ਦਿਖਾਈ ਦਿੱਤਾ। ਭਾਰਤ ਨਾਲ ਹਰ ਮੈਚ ਵਿੱਚ ਉਹ ਹਾਰ ਗਏ। ਇਹ ਕਾਰਨ ਵੀ ਹੈ ਕਿ ਪਾਕਿਸਤਾਨ ਦੇ ਖਿਡਾਰੀ ਆਪਣਾ ਆਪਾ ਗੁਆਉਂਦੇ ਦਿਖਾਈ ਦਿੱਤੇ। ਫਾਈਨਲ ਮੈਚ ਵਿੱਚ ਇਹ ਚਿੜਚਿੜਾਪਨ ਸਾਫ਼ ਦੇਖਣ ਨੂੰ ਮਿਲਿਆ। ਭਾਰਤ ਹੱਥੋਂ ਹਾਰ ਨੂੰ ਪਾਕਿਸਤਾਨ ਟੀਮ ਦੇ ਕਪਤਾਨ ਸਲਮਾਨ ਆਗਾ ਹਜ਼ਮ ਨਾ ਕਰ ਸਕੇ, ਉਨ੍ਹਾਂ ਨੂੰ ਜੋ ਰਨਰ-ਅੱਪ ਚੈੱਕ ਮਿਲਿਆ ਸੀ ਉਨ੍ਹਾਂ ਨੇ ਸਭ ਦੇ ਸਾਹਮਣੇ ਸੁੱਟ ਦਿੱਤਾ।
ਪੋਸਟ-ਮੈਚ ਪੇਸ਼ਕਾਰੀ ਸਮਾਰੋਹ ਦੇ ਦੌਰਾਨ, ਆਗਾ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਤੀਨਿਧੀ ਅਮੀਨੁਲ ਇਸਲਾਮ ਤੋਂ ਰਨਰ-ਅੱਪ ਚੈੱਕ ਲਿਆ ਅਤੇ ਫਿਰ ਪਿੱਛੇ ਮੁੜ ਕੇ ਜ਼ਮੀਨ ‘ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਭੀੜ ਵੱਲੋਂ ਜ਼ੋਰਦਾਰ ਸ਼ੋਰ-ਸ਼ਰਾਬਾ ਕੀਤਾ ਗਿਆ।
ਸਲਮਾਨ ਆਗਾ ਹਾਰ ਤੋਂ ਪੂਰੀ ਤਰ੍ਹਾਂ ਬੌਖਲਾਏ ਹੋਏ ਸੀ। ਉਨ੍ਹਾਂ ਨੇ ਕਿਹਾ ਕਿ, “ਇਹ ਅਜੇ ਵੀ ਸਹਿਣਾ ਔਖਾ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਬੱਲੇ ਨਾਲ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਅਤੇ ਗੇਂਦਬਾਜ਼ੀ ਨਾਲ, ਮੈਨੂੰ ਲੱਗਦਾ ਹੈ ਕਿ ਅਸੀਂ ਸ਼ਾਨਦਾਰ ਸੀ।” ਮੈਨੂੰ ਲੱਗਦਾ ਹੈ ਕਿ ਇਹੀ ਕਾਰਨ ਸੀ ਕਿ ਅਸੀਂ ਉਹ ਸਕੋਰ ਨਹੀਂ ਬਣਾ ਸਕੇ ਜੋ ਅਸੀਂ ਚਾਹੁੰਦੇ ਸੀ।
ਟੀਮ ਇੰਡੀਆ ਦੇ ਕਪਤਾਨ ਨੇ ਕੀ ਕਿਹਾ
ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਭਾਰਤੀ ਟੀਮ ਨੂੰ ਏਸ਼ੀਆ ਕੱਪ ਨਾ ਦਿੱਤੇ ਜਾਣ ਬਾਰੇ, ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਜੇਤੂ ਟੀਮ ਨੂੰ ਯਾਦ ਰੱਖਿਆ ਜਾਂਦਾ ਹੈ, ਟਰਾਫੀ ਨੂੰ ਨਹੀਂ।
ਭਾਰਤੀ ਟੀਮ ਨੇ ਐਤਵਾਰ ਨੂੰ ਏਸ਼ੀਆ ਕੱਪ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਸਰਕਾਰ ਦੁਆਰਾ ਬਾਅਦ ਵਿੱਚ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਪਿਛੋਕੜ ਨੂੰ ਦੇਖਦੇ ਹੋਏ, ਪੂਰੇ ਟੂਰਨਾਮੈਂਟ ਦੌਰਾਨ ਦੋਵਾਂ ਟੀਮਾਂ ਵਿਚਕਾਰ ਤਣਾਅ ਬਣਿਆ ਰਿਹਾ।
ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮੈਂ ਅਜਿਹੇ ਪਹਿਲਾਂ ਕਦੇ ਵੀ ਨਹੀਂ ਦੇਖਿਆ ਕਿ ਕਿਸੇ ਜੇਤੂ ਟੀਮ ਨੂੰ ਟਰਾਫੀ ਨਹੀਂ ਦਿੱਤੀ ਗਈ ਹੋਵੇ, ਪਰ ਮੇਰੇ ਲਈ, ਮੇਰੇ ਖਿਡਾਰੀ ਅਤੇ ਸਹਾਇਕ ਸਟਾਫ ਅਸਲੀ ਟਰਾਫੀ ਹਨ।” ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਭਾਰਤ ਨੇ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਤਿੰਨ ਮੈਚ ਖੇਡੇ ਅਤੇ ਤਿੰਨੋਂ ਜਿੱਤੇ।
ਸੂਰਿਆਕੁਮਾਰ ਨੇ ਬਾਅਦ ਵਿੱਚ ਐਕਸ ‘ਤੇ ਲਿਖਿਆ, “ਮੈਚ ਪੂਰਾ ਹੋਣ ਤੋਂ ਬਾਅਦ ਸਿਰਫ਼ ਚੈਂਪੀਅਨ ਨੂੰ ਯਾਦ ਰੱਖਿਆ ਜਾਂਦਾ ਹੈ, ਟਰਾਫੀ ਦੀ ਤਸਵੀਰ ਨੂੰ ਨਹੀਂ।” ਟੀਮ ਵੱਲੋਂ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ‘ਤੇ, ਉਨ੍ਹਾਂ ਕਿਹਾ, “ਅਸੀਂ ਇਹ ਫੈਸਲਾ ਮੈਦਾਨ ‘ਤੇ ਲਿਆ। ਸਾਨੂੰ ਕਿਸੇ ਨੇ ਅਜਿਹਾ ਕਰਨ ਲਈ ਨਹੀਂ ਕਿਹਾ।”