ਲੋਕਾਂ ਲਈ ਸਜ਼ਾ ਬਣਿਆ ਪੁਲ ਦਾ ਅਧੂਰਾ ਕੰਮ,12 ਪਿੰਡਾਂ ਦੀ ਆਸ ਵਿਚਕਾਰ ਲਮਕੀ, ਪ੍ਰਸ਼ਾਸ਼ਨ ਨੇ ਜਲਦ ਸਿਰੇ ਚਾੜਨ ਦਾ ਦਿੱਤਾ ਭਰੋਸਾ

Ajnala Incomplete bridge work; ਅਜਨਾਲਾ ਹਲਕੇ ਦੇ ਪਿੰਡ ਕਮੀਰਪੁਰਾ ਵਿੱਚ ਕਈ ਸਾਲਾਂ ਤੋਂ ਅਧੂਰਾ ਖੜਿਆ ਨਵਾਂ ਪੁੱਲ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਬਣਿਆ ਹੋਇਆ ਹੈ। ਸੱਤ ਸਾਲ ਬੀਤ ਜਾਣ ਬਾਵਜੂਦ ਵੀ ਇਹ ਪੁੱਲ ਪੂਰਾ ਨਹੀਂ ਹੋ ਸਕਿਆ। ਇਸ ਨਾਲ ਆਲੇ ਦੁਆਲੇ ਦੇ 12 ਤੋਂ ਵੱਧ ਪਿੰਡਾਂ ਦੇ ਲੋਕ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਨੇੜੇ ਬਣਿਆ ਲੋਹੇ ਦਾ ਅਸਥਾਈ ਪੁੱਲ ਹੁਣ ਡਿੱਗਣ ਦੇ ਕਿਨਾਰੇ ਹੈ। ਪਿੰਡ ਵਾਸੀ ਡਰ–ਡਰ ਕੇ ਉਸ ਪੁੱਲ ਤੋਂ ਗੁਜ਼ਰਦੇ ਹਨ, ਕਿ ਪਤਾ ਨਹੀਂ ਕਿਹੜੇ ਵੇਲੇ ਕੋਈ ਵੱਡਾ ਹਾਦਸਾ ਵਾਪਰ ਜਾਵੇ। ਪਹਿਲਾਂ ਵੀ ਇਥੇ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਸਾਲ ਪਹਿਲਾਂ ਸਕੂਲ ਦੇ ਬੱਚਿਆਂ ਨਾਲ ਵਾਪਰਿਆ ਹਾਦਸਾ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਡਰ ਵਾਂਗ ਰਚਿਆ ਹੋਇਆ ਹੈ। ਉਸ ਸਮੇਂ ਕੁਝ ਬੱਚੇ ਡੁੱਬ ਗਏ ਸਨ ਅਤੇ ਕਈ ਪਰਿਵਾਰਾ ਦੇ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ
ਕਿਸਾਨਾਂ ਨੂੰ ਆਪਣੀ ਫ਼ਸਲ ਖੇਤਾਂ ਤੋਂ ਮੰਡੀਆਂ ਤੱਕ ਲਿਜਾਣ ਲਈ ਵਾਧੂ ਕਿਲੋਮੀਟਰਾਂ ਦਾ ਸਫ਼ਰ ਕਰਨਾ ਪੈਂਦਾ ਹੈ। ਟਰੈਕਟਰ–ਟਰਾਲੀਆਂ ਤੇ ਭਾਰੀਆਂ ਗੱਡੀਆਂ ਨੂੰ ਘੁੰਮ ਕੇ ਜਾਣਾ ਪੈਂਦਾ ਹੈ। ਜਿਸ ਨਾਲ ਸਮਾਂ ਵੀ ਲੱਗਦਾ ਹੈ ਤੇ ਖ਼ਰਚਾ ਵੀ ਵਧਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਵੱਡੀਆਂ ਗੱਲਾਂ ਦੇ ਬਾਵਜੂਦ ਗ੍ਰਾਮੀਣ ਪੱਧਰ ’ਤੇ ਆਮ ਜਨਤਾ ਦੀਆਂ ਮੁਸ਼ਕਲਾਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਪੁੱਲ ਜੇ ਪੂਰਾ ਹੋ ਜਾਵੇ ਤਾਂ ਉਹਨਾਂ ਦੀ ਜ਼ਿੰਦਗੀ ਆਸਾਨ ਹੋ ਸਕਦੀ ਹੈ। ਪਰ ਠੇਕੇਦਾਰ ਦੀ ਨਿਕੰਮੀ ਕਾਰਗੁਜ਼ਾਰੀ ਨੇ ਸਾਰੇ ਸੁਪਨੇ ਤੋੜ ਦਿੱਤੇ ਹਨ। ਸੱਤ ਸਾਲਾਂ ਵਿੱਚ ਪੁੱਲ ਅਧੂਰਾ ਰਹਿਣਾ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਬੱਚਿਆਂ ਦੀ ਸਿੱਖਿਆ, ਬਿਮਾਰਾਂ ਨੂੰ ਹਸਪਤਾਲ ਲਿਜਾਣਾ ਤੇ ਕਿਸਾਨਾਂ ਦਾ ਰੋਜ਼ਾਨਾ ਕੰਮ – ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ, ਕਿ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਤੁਰੰਤ ਪੁੱਲ ਨੂੰ ਪੂਰਾ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦਾ ਧੀਰਜ ਖ਼ਤਮ ਹੋ ਰਿਹਾ ਹੈ। ਉਹ ਚਾਹੁੰਦੇ ਹਨ ਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਜਾਨ ਨਾਲ ਹੋਰ ਖੇਡ ਨਾ ਖੇਡੀ ਜਾਵੇ।
ਇਸ ਬਾਰੇ ਐਸ. ਡੀ. ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਐਕਸੀਅਨ ਮੰਡੀ ਬੋਰਡ ਨਾਲ ਗੱਲ ਕੀਤੀ ਗਈ ਹੈ। ਉਹਨਾਂ ਜਲਦ ਹੀ ਮੀਟਿੰਗ ਕਰਕੇ ਇਸ ਪੁੱਲ ਦੇ ਕੰਮ ਨੂੰ ਪੂਰਾ ਕਰਨ ਦੀ ਕਾਰਵਾਈ ਕੀਤੀ ਜਾਵੇਗੀ।