ਮਲੋਟ ਵਿੱਚ ਔਰਤ ‘ਤੇ ਬੇਰਹਿਮੀ ਨਾਲ ਹਮਲਾ ਕਰਨ ਵਾਲਾ ਕਥਿਤ ਦੋਸ਼ੀ ਗ੍ਰਿਫ਼ਤਾਰ

Punjab News; ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਵਿਖੇ ਇੱਕ ਔਰਤ ‘ਤੇ ਬੇਰਹਿਮੀ ਨਾਲ ਹਮਲਾ ਕਰਨ ਦਾ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਪੀੜਤਾ ਨੂੰ ਗੰਭੀਰ ਸੱਟਾਂ ਕਾਰਨ ਪਹਿਲਾਂ ਸਿਵਲ ਹਸਪਤਾਲ ਮਲੋਟ ਤੇ ਫਿਰ ਐਮਜ਼ ਬਠਿੰਡਾ ਰੈਫਰ ਕਰਨਾ ਪਿਆ।ਮਾਮਲੇ ਦੇ ਮੁੱਖ ਕਥਿਤ ਦੋਸ਼ੀ ਦੀ ਪਛਾਣ ਰੋਹਿਤ ਬਠਲਾ ਉਰਫ਼ ਭੂਚੀ ਵਜੋਂ ਹੋਈ ਹੈ, ਜੋ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਸੀ।ਜ਼ਿਲ੍ਹਾ ਪੁਲਿਸ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਸਤੰਬਰ ਦੀ ਰਾਤ ਲਗਭਗ 8 ਵਜੇ ਮਲੋਟ ਪੁਲਿਸ ਸਟੇਸ਼ਨ ਵਿੱਚ ਇਹ ਸੂਚਨਾ ਮਿਲੀ ਕਿ ਇੱਕ ਔਰਤ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਹਮਲੇ ਵਿੱਚ ਜ਼ਖ਼ਮੀ ਹੋਈ ਪੀੜਤਾ ਦੀ ਪਛਾਣ ਅਮੀਸ਼ਾ ਪਤਨੀ ਕੋਮਲ ਜੱਗਾ, ਵਾਸੀ ਕੈਂਪ ਮਲੋਟ ਵਜੋਂ ਹੋਈ ਹੈ। ਉਸ ਦੀਆਂ ਸੱਟਾਂ ਦੀ ਗੰਭੀਰਤਾ ਦੇ ਮੱਦੇਨਜ਼ਰ ਉਸਨੂੰ ਪਹਿਲਾਂ ਸਿਵਲ ਹਸਪਤਾਲ ਮਲੋਟ ਤੇ ਫਿਰ ਇਲਾਜ ਲਈ ਐਮਜ਼ ਬਠਿੰਡਾ ਰੈਫਰ ਕਰਨਾ ਪਿਆ।
ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਪੀੜਤਾ ਅਕਸਰ ਦੋਸ਼ੀ ਨੂੰ ਗੁਆਂਢੀਆਂ ਨਾਲ ਝਗੜਾ ਕਰਨ ਤੋਂ ਰੋਕਦੀ ਸੀ। ਇਸ ਗੱਲ ਨਾਲ ਨਾਰਾਜ਼ ਹੋ ਕੇ ਰੋਹਿਤ ਬਠਲਾ ਉਰਫ਼ ਭੂਚੀ ਨੇ ਉਸ ‘ਤੇ ਹਿੰਸਕ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਿਆ। ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਰਜ ਕੀਤੇ ਕੇਸ ਦਾ ਨੰਬਰ 168 ਮਿਤੀ 26 ਸਤੰਬਰ 2025 ਹੈ, ਜੋ ਧਾਰਾ 118(1) ਅਤੇ 109 ਬੀਐਨਐਸ ਅਧੀਨ ਸਿਟੀ ਮਲੋਟ ਥਾਣੇ ਵਿੱਚ ਰਜਿਸਟਰ ਹੋਇਆ। ਦੋਸ਼ੀ ਦਾ ਪਿਛਲਾ ਰਿਕਾਰਡ ਵੀ ਭਾਰੀ ਹੈ। ਉਸਦੇ ਖਿਲਾਫ ਪਹਿਲਾਂ ਹੀ 7 ਐਫਆਈਆਰ ਦਰਜ ਹਨ, ਜਿਨ੍ਹਾਂ ਵਿੱਚ 3 ਆਬਕਾਰੀ ਐਕਟ, 2 ਕਤਲ ਦੀ ਕੋਸ਼ਿਸ਼ ਅਤੇ 2 ਸੱਟਾਂ ਦੇ ਮਾਮਲੇ ਸ਼ਾਮਲ ਹਨ।
ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਤੇ ਐਸਪੀ ਇਨਵੈਸਟੀਗੇਸ਼ਨ ਦੀ ਸਿੱਧੀ ਨਿਗਰਾਨੀ ਹੇਠ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ। ਤਕਨੀਕੀ ਨਿਗਰਾਨੀ ਅਤੇ ਮਨੁੱਖੀ ਖੁਫੀਆ ਸੂਚਨਾ ਰਾਹੀਂ ਪੁਲਿਸ ਨੇ ਕਥਿਤ ਦੋਸ਼ੀ ਦੇ ਠਿਕਾਣਿਆਂ ਦਾ ਪਤਾ ਲਗਾਇਆ। ਲਗਾਤਾਰ ਕੋਸ਼ਿਸ਼ਾਂ ਦੇ ਬਾਅਦ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਦੌਰਾਨ ਭੱਜਣ ਲਈ ਉਸਨੇ ਫਲਾਈਓਵਰ ਤੋਂ ਛਾਲ ਮਾਰੀ, ਜਿਸ ਨਾਲ ਉਸਦਾ ਗਿੱਟਾ ਟੁੱਟ ਗਿਆ।
ਜ਼ਿਲ੍ਹਾ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਇੱਕ ਵਾਰ ਫਿਰ ਸਾਬਤ ਕਰਦੀ ਹੈ ਕਿ ਮਹਿਲਾਵਾਂ ਵਿਰੁੱਧ ਅਪਰਾਧਾਂ ਲਈ ਪੁਲਿਸ ਜ਼ੀਰੋ-ਟੋਲਰੈਂਸ ਨੀਤੀ ‘ਤੇ ਅਡੋਲ ਹੈ। ਅਜਿਹੇ ਘਿਨਾਉਣੇ ਕਿਰਤਿਆਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਸਖ਼ਤ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ।