Rajvir Jawanda Death: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦਿਹਾਂਤ ‘ਤੇ CM ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ

Rajvir Jawanda Death: ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਅੱਜ ਜ਼ਿੰਦਗੀ ਦੀ ਜੰਗ ਹਾਰ ਗਏ। ਉਨ੍ਹਾਂ ਫੋਰਟਿਸ ਹਸਪਤਾਲ ਵਿਚ ਅੱਜ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਜਿੱਥੇ ਪਾਲੀਵੁੱਡ ਵਿਚ ਸੋਗ ਦੀ ਲਹਿਰ ਦੌੜ ਪਈ ਹੈ, ਉਥੇ ਹੀ ਸਿਆਸੀ ਹਸਤੀਆਂ ਵੱਲੋਂ ਵੀ ਦਿਹਾਂਤ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਰਾਜਵੀਰ ਦੇ ਦਿਹਾਂਤ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ”ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪੰਜਾਬੀ ਸੰਗੀਤ ਜਗਤ ਦਾ ਸਿਤਾਰਾ ਹਮੇਸ਼ਾ ਲਈ ਅਲੋਪ ਹੋ ਗਿਆ।
ਛੋਟੀ ਉਮਰ ‘ਚ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਰਾਜਵੀਰ ਜਵੰਦਾ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਵਾਹਿਗੁਰੂ ਵਾਹਿਗੁਰੂ”
ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਹੈ। ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਅਤੇ ਜਨੂੰਨ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਜਿੱਤੇ। ਰਾਜਵੀਰ 27 ਸਤੰਬਰ ਨੂੰ ਹਿਮਾਚਲ ਵਿਚ ਬਾਈਕ ਰਾਈਡਿੰਗ ਕਰਦੇ ਇਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ ਸਨ ਅਤੇ ਉਦੋਂ ਤੋਂ ਵੈਂਟੀਲੇਟਰ ਸਪੋਰਟ ‘ਤੇ ਸੀ।
ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਗੰਭੀਰ ਹਾਈਪੋਕਸਿਕ ਦਿਮਾਗੀ ਸੱਟ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ। ਦੁਨੀਆ ਭਰ ਦੇ ਪ੍ਰਸ਼ੰਸਕਾਂ, ਗਾਇਕਾਂ ਅਤੇ ਰਾਜਨੀਤਿਕ ਹਸਤੀਆਂ ਨੇ ਉਨ੍ਹਾਂ ਦੇ ਲਈ ਅਰਦਾਸਾਂ ਕੀਤੀਆਂ ਪਰ ਉਨ੍ਹਾਂ ਦੀਆਂ ਅਰਦਾਸਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚਾਲੇ ਹਾਰ ਗਈਆਂ। ਰਾਜਵੀਰ ਦੀ ਮਾਂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ ਹੁਣ ਆਪਣੇ ਇਕਲੌਤੇ ਪੁੱਤਰ ਦੇ ਵਿਛੋੜੇ ਨਾਲ ਦੁਖ਼ੀ ਹਨ।
ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਆਪਣੇ 4 ਹੋਰ ਦੋਸਤਾਂ ਨਾਲ ਹਿਮਾਚਲ ਦੇ ਬੱਦੀ ਵਿਚ ਬਾਈਕ ਰਾਈਡ ’ਤੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਰਾਹ ਵਿੱਚ ਆਪਸ ਵਿੱਚ ਭਿੜਦੇ ਹੋਏ ਅਵਾਰਾ ਪਸ਼ੂ ਆ ਗਏ, ਜਿਸ ਕਾਰਨ ਉਨ੍ਹਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੜਕ ਨਾਲ ਸਿਰ ਲੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ। ਮੋਹਾਲੀ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਕਾਰਡਿਕ ਅਰੈਸਟ ਵੀ ਆਇਆ ਸੀ।