ODI ਦੀ ਕਪਤਾਨੀ ਤੋਂ ਹਟਾਏ ਜਾਣ ਬਾਅਦ ਰੋਹਿਤ ਸ਼ਰਮਾ ਦਾ ਆਇਆ ਪਹਿਲਾ ਬਿਆਨ, ਕਿਹਾ- ਆਸਟ੍ਰੇਲੀਆ ਦੇ ਖ਼ਿਲਾਫ਼ ਖੇਡਣਾ….

ਭਾਰਤੀ ਕ੍ਰਿਕਟ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਇਸ ਸਮੇਂ ਆਪਣੀ ਕਪਤਾਨੀ ਗੁਆਉਣ ਕਰਕੇ ਖ਼ਬਰਾਂ ਵਿੱਚ ਹਨ। ਬੀਸੀਸੀਆਈ ਨੇ ਹਾਲ ਹੀ ਵਿੱਚ ਇੱਕ ਰੋਜ਼ਾ ਟੀਮ ਦੀ ਕਮਾਨ ਸ਼ੁਭਮਨ ਗਿੱਲ ਨੂੰ ਸੌਂਪ ਦਿੱਤੀ ਹੈ, ਯਾਨੀ ਟੀਮ ਇੰਡੀਆ ਹੁਣ ਇੱਕ ਨਵੇਂ ਕਪਤਾਨ ਨਾਲ ਆਸਟ੍ਰੇਲੀਆਈ ਦੌਰੇ ‘ਤੇ ਜਾਵੇਗੀ। ਇਸ ਦੌਰਾਨ, ਇੱਕ ਰੋਜ਼ਾ ਕਪਤਾਨੀ ਛੱਡਣ ਤੋਂ ਬਾਅਦ ਰੋਹਿਤ ਸ਼ਰਮਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ, ਅਤੇ ਇਹ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ, ਮੰਗਲਵਾਰ ਨੂੰ ਮੁੰਬਈ ਵਿੱਚ ਆਯੋਜਿਤ ਸੀਏਟ ਕ੍ਰਿਕਟ ਰੇਟਿੰਗ ਐਵਾਰਡਜ਼ 2025 ਦੌਰਾਨ, ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੌਰੇ ਬਾਰੇ ਮੀਡੀਆ ਨਾਲ ਗੱਲ ਕੀਤੀ। ਰੋਹਿਤ ਨੇ ਕਿਹਾ, “ਮੈਨੂੰ ਆਸਟ੍ਰੇਲੀਆ ਵਿਰੁੱਧ ਖੇਡਣਾ ਪਸੰਦ ਹੈ। ਉੱਥੇ ਦੇ ਲੋਕ ਕ੍ਰਿਕਟ ਨੂੰ ਸਮਝਦੇ ਹਨ ਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਉੱਥੇ ਖੇਡਣਾ ਹਮੇਸ਼ਾ ਇੱਕ ਵੱਖਰਾ ਅਨੁਭਵ ਹੁੰਦਾ ਹੈ।”
ਹਾਲਾਂਕਿ ਉਸਨੇ ਕਪਤਾਨੀ ਗੁਆਉਣ ‘ਤੇ ਸਿੱਧੇ ਤੌਰ ‘ਤੇ ਗੱਲ ਨਹੀਂ ਕੀਤੀ, ਪਰ ਉਸਦੇ ਬਿਆਨ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਉਹ ਇਸ ਬਦਲਾਅ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਹੈ ਅਤੇ ਆਉਣ ਵਾਲੀ ਲੜੀ ਨੂੰ ਲੈ ਕੇ ਉਤਸ਼ਾਹਿਤ ਹੈ।
ਰਿਪੋਰਟਾਂ ਅਨੁਸਾਰ, ਰੋਹਿਤ ਸ਼ਰਮਾ ਹੁਣ ਇੱਕ ਖਿਡਾਰੀ ਵਜੋਂ ਆਸਟ੍ਰੇਲੀਆ ਵਿੱਚ ਇੱਕ ਰੋਜ਼ਾ ਲੜੀ ਵਿੱਚ ਹਿੱਸਾ ਲੈਣਗੇ। ਟੀਮ ਇੰਡੀਆ ਇਸ ਦੌਰੇ ‘ਤੇ ਤਿੰਨ ਵਨਡੇ ਮੈਚ ਖੇਡੇਗੀ। ਪਹਿਲਾ ਮੈਚ 19 ਅਕਤੂਬਰ ਨੂੰ ਖੇਡਿਆ ਜਾਵੇਗਾ। ਕਈ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਨਡੇ ਸੀਰੀਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਆਖਰੀ ਵਨਡੇ ਸੀਰੀਜ਼ ਸਾਬਤ ਹੋ ਸਕਦੀ ਹੈ।
BCCI ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪੁਸ਼ਟੀ ਕੀਤੀ ਕਿ ਰੋਹਿਤ ਸ਼ਰਮਾ ਨੂੰ ਕਪਤਾਨੀ ਤਬਦੀਲੀ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਹਾਲਾਂਕਿ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਰੋਹਿਤ ਅਤੇ ਕੋਹਲੀ 2027 ਵਿਸ਼ਵ ਕੱਪ ਤੱਕ ਟੀਮ ਦਾ ਹਿੱਸਾ ਰਹਿਣਗੇ, ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ, “ਇਸ ਵੇਲੇ ਉਹ ਖੇਡ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਉਸ ਅਨੁਸਾਰ ਦੇਖ ਰਹੇ ਹਾਂ। 2027 ਬਾਰੇ ਗੱਲ ਕਰਨਾ ਸਮੇਂ ਤੋਂ ਪਹਿਲਾਂ ਹੋਵੇਗਾ।”
ਅਗਰਕਰ ਦੇ ਬਿਆਨ ਨੇ ਅਟਕਲਾਂ ਨੂੰ ਜਨਮ ਦਿੱਤਾ ਕਿ ਚੋਣ ਕਮੇਟੀ ਹੁਣ ਹੌਲੀ-ਹੌਲੀ ਨੌਜਵਾਨ ਖਿਡਾਰੀਆਂ ਨੂੰ ਟੀਮ ਵਿੱਚ ਸ਼ਾਮਲ ਕਰਨ ਦੀ ਤਿਆਰੀ ਕਰ ਰਹੀ ਹੈ।
ਰੋਹਿਤ ਦਾ ਰਿਕਾਰਡ ਅਜੇ ਵੀ ਕਾਇਮ
ਰੋਹਿਤ ਸ਼ਰਮਾ ਨੇ ਹੁਣ ਤੱਕ 46 ਵਨਡੇ ਮੈਚਾਂ ਵਿੱਚ 2407 ਦੌੜਾਂ ਬਣਾਈਆਂ ਹਨ। ਆਸਟ੍ਰੇਲੀਆ ਵਿਰੁੱਧ ਉਨ੍ਹਾਂ ਦੇ ਰਿਕਾਰਡ ਵਿੱਚ 8 ਸੈਂਕੜੇ ਅਤੇ 9 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਦੇ ਨਾਂ 264 ਦੌੜਾਂ ਦੀ ਇਤਿਹਾਸਕ ਪਾਰੀ ਦਾ ਰਿਕਾਰਡ ਵੀ ਹੈ, ਜਿਸ ਨੂੰ ਅੱਜ ਤੱਕ ਕੋਈ ਨਹੀਂ ਤੋੜ ਸਕਿਆ।