ਟਰੰਪ ਨੇ ਪੁਤਿਨ ਨਾਲ ਫ਼ੋਨ ‘ਤੇ ਕੀਤੀ ਗੱਲ, ਜੰਗ ਨੂੰ ਲੈ ਕੇ ਹੰਗਰੀ ‘ਚ ਕਰਨਗੇ ਮੁਲਾਕਾਤ
Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਤੇ ਯੂਕਰੇਨ ਵਿਚਕਾਰ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਇੱਕ ਵਾਰ ਫਿਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਅੱਜ ਦੀ ਗੱਲਬਾਤ ਸ਼ਾਂਤੀ ਵੱਲ ਇੱਕ ਵੱਡਾ ਕਦਮ ਹੈ। ਟਰੰਪ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਟਰੁਥ’ਤੇ ਸਾਂਝੀ ਕੀਤੀ।
ਟਰੰਪ ਨੇ ਕਿਹਾ ਕਿ ਪੁਤਿਨ ਨਾਲ ਗੱਲਬਾਤ ਕਾਫ਼ੀ ਹੱਦ ਤੱਕ ਸਕਾਰਾਤਮਕ ਰਹੀ। ਉਨ੍ਹਾਂ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਭਵਿੱਖ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਪੁਤਿਨ ਨੇ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਸੁਣਿਆ ਤੇ ਜਲਦੀ ਹੀ ਮਿਲਣ ਲਈ ਸਹਿਮਤੀ ਦਿੱਤੀ।
ਮੱਧ ਪੂਰਬ ‘ਚ ਸ਼ਾਂਤੀ ਸਥਾਪਤ
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਗੱਲਬਾਤ ਦੌਰਾਨ, ਪੁਤਿਨ ਨੇ ਮੱਧ ਪੂਰਬ ‘ਚ ਸ਼ਾਂਤੀ ਸਥਾਪਤ ਕਰਨ ‘ਚ ਅਮਰੀਕਾ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਪੁਤਿਨ ਨੇ ਉਨ੍ਹਾਂ ਨੂੰ ਦੱਸਿਆ ਕਿ ਅਮਰੀਕਾ ਨੇ ਉਹ ਪ੍ਰਾਪਤ ਕੀਤਾ ਹੈ ਜੋ ਸਦੀਆਂ ਤੋਂ ਕੋਈ ਨਹੀਂ ਕਰ ਸਕਿਆ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੱਧ ਪੂਰਬ ‘ਚ ਸ਼ਾਂਤੀ ਸਥਾਪਤ ਕਰਨ ਦੀ ਸਫਲਤਾ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ‘ਚ ਵੀ ਮਦਦ ਕਰੇਗੀ।
ਪੁਤਿਨ ਨੇ ਮੇਲਾਨੀਆ ਟਰੰਪ ਦੀ ਪ੍ਰਸ਼ੰਸਾ ਕੀਤੀ
ਟਰੰਪ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਗੱਲਬਾਤ ਦੌਰਾਨ, ਰਾਸ਼ਟਰਪਤੀ ਪੁਤਿਨ ਨੇ ਅਮਰੀਕੀ ਦੀ ਫਰਸਟ ਲੇਡੀ ਮੇਲਾਨੀਆ ਟਰੰਪ ਦੀ ਸਮਾਜਿਕ ਕਾਰਜਾਂ ‘ਚ ਸ਼ਮੂਲੀਅਤ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਨੇਤਾ ਅਗਲੇ ਹਫ਼ਤੇ ਦੋਵਾਂ ਦੇਸ਼ਾਂ ਦੇ ਉੱਚ-ਪੱਧਰੀ ਸਲਾਹਕਾਰਾਂ ਦੀ ਮੀਟਿੰਗ ‘ਤੇ ਸਹਿਮਤ ਹੋਏ ਹਨ, ਜਿ ਸਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕਰਨਗੇ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਟਰੰਪ ਤੇ ਪੁਤਿਨ ਬੁਡਾਪੇਸਟ ‘ਚ ਮਿਲ ਸਕਦੇ
ਟਰੰਪ ਨੇ ਕਿਹਾ ਕਿ ਉਹ ਤੇ ਪੁਤਿਨ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ‘ਤੇ ਚਰਚਾ ਕਰਨ ਲਈ ਹੰਗਰੀ ਦੀ ਰਾਜਧਾਨੀ ਬੁਡਾਪੇਸਟ ‘ਚ ਇੱਕ ਨਿਰਧਾਰਤ ਸਥਾਨ ‘ਤੇ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਫਿਰ ਰੂਸ ਨਾਲ ਗੱਲਬਾਤ ਦੀ ਪ੍ਰਗਤੀ ‘ਤੇ ਚਰਚਾ ਕਰਨ ਲਈ ਵ੍ਹਾਈਟ ਹਾਊਸ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰਨਗੇ।