ਬਾਬਾ ਫਰੀਦ ਯੂਨੀਵਰਸਿਟੀ ਦੀ ਸਿੱਖਿਆ ਮਿਆਰ ‘ਚ ਇਕ ਹੋਰ ਵੱਡੀ ਛਾਲ, ਪੋਸਟਗ੍ਰੈਜੂਏਟ MD-MS ਸੀਟਾਂ ‘ਚ ਕੀਤਾ ਵਾਧਾ
Baba Farid University; ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਰਜੀਵ ਸੂਦ ਦੀ ਦੂਰਦਰਸ਼ੀ ਅਗਵਾਈ ਹੇਠ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ, ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਨੇ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ।
ਹਾਲ ਹੀ ਵਿਚ MBBS ਸੀਟਾਂ 150 ਤੋਂ ਵਧਾ ਕੇ 250 ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਅਕੈਡਮਿਕ ਸੈਸ਼ਨ 2025–26 ਤੋਂ ਕਈ ਮਹੱਤਵਪੂਰਨ ਵਿਸ਼ਿਆਂ ਵਿਚ ਪੋਸਟਗ੍ਰੈਜੂਏਟ (MD/MS) ਸੀਟਾਂ ਵਧਾਈਆਂ ਗਈਆਂ ਹਨ। ਇਸ ਨਾਲ ਵਿਦਿਆਰਥੀਆਂ ਲਈ ਉੱਚ ਮਿਆਰੀ ਸਿਖਲਾਈ ਦੇ ਮੌਕੇ ਵਧਣਗੇ ਅਤੇ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੇਗੀ।
ਅਕੈਡਮਿਕ ਸੈਸ਼ਨ 2025–26 ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪਤਾਲ, ਫਰੀਦਕੋਟ ਵਿਚ ਪੋਸਟਗ੍ਰੈਜੂਏਟ (MD/MS) ਸੀਟਾਂ ਵਿਚ ਵਾਧਾ ਕੀਤਾ ਗਿਆ ਹੈ। ਇਸ ਤਹਿਤ ਜਨਰਲ ਮੈਡਿਸਨ ਵਿਚ 4, ਆਰਥੋਪੀਡਿਕਸ ਵਿਚ 2, ਫੋਰੈਂਸਿਕ ਮੈਡਿਸਨ ਵਿਚ 4, ਅਤੇ ਡਰਮਾਟੋਲੋਜੀ ਵਿਚ 2 ਸੀਟਾਂ ਵਧਾਈਆਂ ਗਈਆਂ ਹਨ। ਇਸ ਤੋਂ ਇਲਾਵਾ ਨਵੀਆਂ ਪੋਸਟਗ੍ਰੈਜੂਏਟ ਕੋਰਸਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਫੈਮਿਲੀ ਮੈਡਿਸਨ ਵਿਚ 2, ਇਮਰਜੈਂਸੀ ਮੈਡਿਸਨ ਵਿਚ 2, ਅਤੇ ਰੇਡੀਓਡਾਇਗਨੋਸਿਸ ਵਿਚ 4 ਸੀਟਾਂ ਸ਼ਾਮਲ ਹਨ।
ਇਸ ਤੋਂ ਪਹਿਲਾਂ ਅਕੈਡਮਿਕ ਸੈਸ਼ਨ 2024–25 ਵਿੱਚ ਵੀ ਗਾਇਨੇਕੋਲੋਜੀ ਐਂਡ ਓਬਸਟੇਟ੍ਰਿਕਸ ਵਿਚ 2 ਸੀਟਾਂ ਅਤੇ ਇਮਿਊਨੋਹੈਮੈਟੋਲੋਜੀ ਐਂਡ ਬਲੱਡ ਟ੍ਰਾਂਸਫਿਊਜ਼ਨ (IHBT) ਵਿਚ 2 ਸੀਟਾਂ ਵਧਾਈਆਂ ਗਈਆਂ ਸਨ।
ਪ੍ਰੋ. (ਡਾ.) ਰਜੀਵ ਸੂਦ ਨੇ ਇਸ ਮੌਕੇ ਭਗਵੰਤ ਮਾਨ ਅਤੇ ਡਾ. ਬਲਬੀਰ ਸਿੰਘ, ਮਾਣਯੋਗ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਦਾ ਹਿਰਦੇ ਤੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੈਡੀਕਲ ਸਿੱਖਿਆ ਅਤੇ ਸਿਹਤ ਖੇਤਰ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਪ੍ਰੇਰਨਾ ਅਤੇ ਮਾਰਗਦਰਸ਼ਨ ਦਿੱਤਾ।
ਉਨ੍ਹਾਂ ਨੇ ਗੁਰਦਿੱਤ ਸਿੰਘ ਸੇਖੋਂ, ਮਾਣਯੋਗ ਵਿਧਾਇਕ ਅਤੇ ਮੈਂਬਰ ਬੋਰਡ ਆਫ਼ ਮੈਨੇਜਮੈਂਟ, ਬਾਬਾ ਫਰੀਦ ਯੂਨੀਵਰਸਿਟੀ, ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜੋ ਹਮੇਸ਼ਾਂ ਯੂਨੀਵਰਸਿਟੀ ਦੇ ਵਿਕਾਸ ਲਈ ਯੋਗਦਾਨ ਪਾਉਂਦੇ ਰਹੇ ਹਨ।
ਪ੍ਰੋ. (ਡਾ.) ਰਜੀਵ ਸੂਦ, ਵਾਈਸ-ਚਾਂਸਲਰ, BFUHS ਨੇ ਕਿਹਾ ਕਿ “ਪੋਸਟਗ੍ਰੈਜੂਏਟ ਸੀਟਾਂ ਦਾ ਵਾਧਾ ਪੰਜਾਬ ਸਰਕਾਰ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਨੂੰ ਮਜ਼ਬੂਤ ਕਰਨ ਦੇ ਦ੍ਰਿੜ ਨਿਸ਼ਚੇ ਨੂੰ ਦਰਸਾਉਂਦਾ ਹੈ। ਇਸ ਨਾਲ ਸਾਨੂੰ ਹੋਰ ਸਪੈਸ਼ਿਲਿਸਟ ਡਾਕਟਰ ਤਿਆਰ ਕਰਨ ਦਾ ਮੌਕਾ ਮਿਲੇਗਾ ਜੋ ਲੋਕਾਂ ਦੀ ਸੇਵਾ ਸਮਰਪਣ ਨਾਲ ਕਰ ਸਕਣਗੇ,” ।
ਬਾਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਇਸ ਸਾਲ ਕੁੱਲ 43 ਪੋਸਟਗ੍ਰੈਜੂਏਟ ਸੀਟਾਂ ਵਧਾਈਆਂ ਗਈਆਂ ਹਨ। ਜਿਨ੍ਹਾਂ ਵਿਚੋਂ 20 ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ 15 ਸਰਕਾਰੀ ਮੈਡੀਕਲ ਕਾਲਜ, ਅਮ੍ਰਿਤਸਰ ਸਾਹਿਬ ਅਤੇ 8 ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿੱਚ ਹਨ।
ਪੰਜਾਬ ਸਰਕਾਰ ਦੇ ਦੂਰਦਰਸ਼ੀ ਦ੍ਰਿਸ਼ਟੀਕੋਣ ਅਤੇ ਪ੍ਰੋ. (ਡਾ.) ਰਜੀਵ ਸੂਦ ਦੀ ਅਗਵਾਈ ਹੇਠ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ, ਰਾਜ ਅਤੇ ਦੇਸ਼ ਦੋਵੇਂ ਪੱਧਰਾਂ ‘ਤੇ ਮੈਡੀਕਲ ਸਿੱਖਿਆ, ਖੋਜ ਅਤੇ ਸਿਹਤ ਸੇਵਾਵਾਂ ਦਾ ਪ੍ਰਮੁੱਖ ਕੇਂਦਰ ਬਣਦੀ ਜਾ ਰਹੀ ਹੈ।
ਇਕ ਸਵਾਲ ਦੇ ਜਵਾਬ ਉਹਨਾਂ ਕਿਹਾ ਕਿ ਜੋ MBBS ਵਿਚ ਦਾਖਲੇ ਲਈ ਉਮੀਦਵਾਰ ਵਲੋਂ ਕਾਲਜ ਨੂੰ 20 ਲੱਖ ਰੁਪਏ ਦੀ ਬੈੰਕ ਗਰੰਟੀ ਦੇਣ ਦੀ ਸ਼ਰਤ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਹੁਣ ਵਿਦਿਆਰਥੀ ਬਿਨਾਂ ਬੈੰਕ ਗਰੰਟੀ ਦਿੱਤੇ ਹੀ ਕਾਲਜ ਵਿਚ ਦਾਖਲਾ ਲੈ ਸਕਣਗੇ।