ਦੀਵਾਲੀ ਤੋਂ ਪਹਿਲਾਂ ਪਾਵਰਕਾਮ ਦਾ ਵੱਡਾ ਐਕਸ਼ਨ, ਪੜ੍ਹੋ ਕੀ ਹੈ ਪੂਰੀ ਖ਼ਬਰ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਦੀਵਾਲੀ ਤੋਂ ਠੀਕ ਪਹਿਲਾਂ ਵਿਭਾਗ ਦੇ 58 ਐਕਸੀਅਨ ਇਧਰੋਂ-ਉੱਧਰ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ’ਚ ਪਾਵਰਕਾਮ ਵਿਭਾਗ ਦੀ ਹਾਟ ਸੀਟ ਮੰਨੇ ਜਾਣ ਵਾਲੀ ਫੋਕਲ ਪੁਆਇੰਟ ਡਵੀਜ਼ਨ ’ਚ ਤਾਇਨਾਤ ਐਕਸੀਅਨ ਅਮਰਿੰਦਰ ਸਿੰਘ ਸੰਧੂ ਨੂੰ ਪਾਵਰਕਾਮ ਵਿਭਾਗ ਦੀ ਸੀ. ਐੱਮ. ਸੀ. ਡਵੀਜ਼ਨ ਦਾ ਚਾਰਜ ਦਿੱਤਾ ਗਿਆ ਹੈ। ਸੀ. ਐੱਸ. ਡਵੀਜ਼ਨ ’ਚ ਕੰਮ ਕਰ ਰਹੇ ਐਕਸੀਅਨ ਸੰਜੀਵ ਕੁਮਾਰ ਜੌਲੀ ਨੂੰ ਬਦਲ ਕੇ ਫੋਕਲ ਪੁਆਇੰਟ ਡਵੀਜ਼ਨ ’ਚ ਨਿਯੁਕਤ ਕਰ ਦਿੱਤਾ ਗਿਆ ਹੈ। ਐਕਸੀਅਨ ਸੰਜੀਵ ਕੁਮਾਰ ਜੌਲੀ ਅਤੇ ਐਕਸੀਅਨ ਅਮਰਿੰਦਰ ਸਿੰਘ ਸੰਧੂ ਨੂੰ ਕੰਮ ਦਾ ਵੱਡਾ ਤਜ਼ਰਬਾ ਹੈ, ਜੋ ਕਿ ਇਲਾਕੇ ਦੀ ਇੰਡਸਟਰੀ ਅਤੇ ਘਰੇਲੂ ਖ਼ਪਤਕਾਰਾਂ ਨੂੰ ਬਿਹਤਰ ਬਿਜਲੀ ਦੀ ਸਪਲਾਈ ਮੁਹੱਈਆ ਕਰਵਾਉਣ ’ਚ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।
ਇਸੇ ਕੜੀ ’ਚ ਪੰਜਾਬ ਸਟੇਟ ਪਾਵਰਕਾਮ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਅਗਰ ਨਗਰ ਡਵੀਜ਼ਨ ਦੇ ਐਕਸੀਅਨ ਦਲਜੀਤ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਬਿਜਲੀ ਵਿਭਾਗ ਦੇ ਇਨਫੋਰਸਮੈਂਟ ਵਿੰਗ ’ਚ ਬਤੌਰ ਐਕਸੀਅਨ ਨਿਯੁਕਤੀ ਕੀਤੀ ਗਈ ਹੈ। ਤੇਜ਼ ਤਰਾਰ ਅਤੇ ਹਾਜ਼ਰ ਜਵਾਬ ਐਕਸੀਅਨ ਦਲਜੀਤ ਸਿੰਘ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਇਨਫੋਰਸਮੈਂਟ ਵਿੰਗ ’ਚ ਜਾਣ ਤੋਂ ਬਾਅਦ ਵਿਭਾਗ ’ਚ ਵੱਡੇ ਸੁਧਾਰ ਹੋਣ ਦੇ ਨਾਲ ਹੀ ਬਿਜਲੀ ਚੋਰੀ ਦੇ ਮਾਮਲਿਆਂ ’ਚ ਨਕੇਲ ਕੱਸਣ ਦੇ ਕੰਮ ’ਚ ਹੋਰ ਵੀ ਤੇਜ਼ੀ ਆਵੇਗੀ, ਜਦੋਂ ਕਿ ਅੰਮ੍ਰਿਤਸਰ ’ਚ ਤਾਇਨਾਤ ਐਕਸੀਅਨ ਰਾਜੇਸ਼ ਕੁਮਾਰ ਸ਼ਰਮਾ ਨੂੰ ਇਕ ਵਾਰ ਫਿਰ ਲੁਧਿਆਣਾ ਸਟੇਸ਼ਨ ’ਚ ਤਾਇਨਾਤ ਕਰਦੇ ਹੋਏ ਅਗਰ ਨਗਰ ਡਵੀਜ਼ਨ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜੇਸ਼ ਸ਼ਰਮਾ ਬਤੌਰ ਐਕਸੀਅਨ ਪਾਵਰਕਾਮ ਵਿਭਾਗ ਦੀ ਸਿਟੀ ਵੈਸਟ ਡਵੀਜ਼ਨ ’ਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਨੂੰ ਲੁਧਿਆਣਾ ’ਚ ਕੰਮ ਕਰਨ ਦਾ ਚੰਗਾ ਖਾਸਾ ਤਜ਼ਰਬਾ ਹੈ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਠੀਕ ਬਾਅਦ ਸਾਰੇ ਅਧਿਕਾਰੀ ਆਪਣੀਆਂ ਸੀਟਾਂ ਦਾ ਚਾਰਜ ਸੰਭਾਲ ਕੇ ਲੋਕਾਂ ਦੀ ਸੇਵਾ ਕਰਨ ਲਈ ਮੈਦਾਨ ’ਚ ਉਤਰ ਜਾਣਗੇ।