ਰਾਜ ਸਭਾ ਮੈਂਬਰ ਵਜੋਂ ਫੰਡ ਖਰਚਣ ‘ਚ ਮੋਹਰੀ ਰਹੇ ਸੰਤ ਸੀਚੇਵਾਲ, ਪੱਛੜੇ ਰਾਘਵ ਚੱਢਾ
Punjab MP Fund : ਪੰਜਾਬ ਦੇ ਕਈ ਰਾਜ ਸਭਾ ਮੈਂਬਰਾਂ ਵੱਲੋਂ ਆਪਣੇ ਅਖਤਿਆਰੀ ਫੰਡਾਂ ਨੂੰ ਅਜੇ ਤੱਕ ਹਵਾ ਨਹੀਂ ਲਗਾਈ।ਪੈਸੇ ਨਾ ਖਰਚਣ ਵਾਲੇ ਰਾਜ ਸਭਾ ਮੈਂਬਰਾਂ ਦਾ ਵਾਹ-ਵਾਸਤਾ ਪੰਜਾਬ ਦੇ ਨਾਲ ਵੀ ਨਹੀਂ ਰਿਹਾ।ਇਸ ਸਮੇਂ ਕੇਂਦਰ ਸਰਕਾਰ ਦੀ ਵੈਬ ਸਾਇਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਬਾਕੀ ਸਾਥੀਆਂ ਨਾਲੋਂ ਸਭ ਤੋਂ ਵੱਧ ਅਖਤਿਆਰੀ ਫੰਡ ਖਰਚ ਕੇ ਮੋਹਰੀ ਰਹੇ ਹਨ।ਜਦ ਕਿ ਆਮਆਦਮੀ ਪਾਰਟੀ ਦੇ ਸਭ ਤੋਂ ਨੌਜਵਾਨ ਮੈਂਬਰ ਰਾਘਵ ਚੱਢਾ ਫੰਡ ਖਰਚਣ ਵਿੱਚ ਫਾਡੀ ਰਹੇ ਹਨ।
ਕੇਂਦਰ ਸਰਕਾਰ ਦੀ ਵੈਬ ਸਾਇਟ ‘ਤੇ 6 ਰਾਜ ਸਭਾ ਮੈਂਬਰਾਂ ਦੀ ਜਾਣਕਾਰੀ ਦਿੱਤੀ ਗਈ ਹੈ,ਕਿਉਂਕਿ ਇੱਕ ਰਾਜ ਸਭਾ ਮੈਂਬਰ ਸੰਵੀਜ ਅਰੋੜਾ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਸ ਦੀ ਜਾਣਕਾਰੀ ਸਾਇਟ ‘ਤੇ ਨਹੀਂ ਮਿਲਦੀ।ਬਾਕੀ ਜਿਹੜੇ 6 ਰਾਜ ਸਭਾ ਮੈਂਬਰ 2022 ਤੋਂ 2028 ਤੱਕ ਲਈ ਚੁਣੇ ਗਏ ਹਨ।ਉਨ੍ਹਾਂ ਨੂੰ ਹੁਣ ਤੱਕ 101 ਕਰੋੜ 11 ਲੱਖ ਦੇ ਫੰਡ ਮਿਲੇ ਹਨ ਜਿੰਨ੍ਹਾਂ ਵਿੱਚ ਉਨ੍ਹਾਂ ਨੇ ਸਿਰਫ 26 ਕਰੋੜ 95 ਲੱਖ ਦੀਆਂ ਗਰਾਂਟਾਂ ਖਰਚੀਆਂ ਹਨ ਭਾਵ ਕਿ 74 ਕਰੋੜ ਦੀਆਂ ਗਰਾਂਟਾਂ ਉਨ੍ਹਾਂ ਨੇ ਨਹੀਂ ਵੰਡੀਆਂ ਜਿਹੜੀਆਂ ਕਿ ਤਿੰਨਾਂ ਸਾਲਾਂ ਵਿੱਚ ਵੰਡ ਹੋ ਜਾਣੀਆਂ ਚਾਹੀਦੀਆਂ ਸਨ।
ਮੈਂਬਰ ਰਾਜ ਸਭਾ ਰਾਘਵ ਚੱਢਾ ਦੇ ਅਖਤਿਆਰੀ ਫੰਡ ਵਿੱਚ 18 ਕਰੋੜ 82 ਲੱਖ ਰੁਪਏ ਹਨ।ਉਨ੍ਹਾਂ ਨੇ ਸਾਢੇ ਤਿੰਨ ਸਾਲਾਂ ਵਿੱਚ ਸਿਰਫ 70 ਲੱਖ 86 ਹਜ਼ਾਰ 378 ਰੁਪਏ ਹੀ ਖਰਚੇ ਹਨ। ਜਦ ਕਿ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੁੰ ਆਪਣੇ 14 ਕਰੋੜ 72 ਲੱਖ ਦੇ ਅਖਤਿਆਰੀ ਫੰਡ ਵਿੱਚੋਂ 9 ਕਰੋੜ 34 ਲੱਖ ਖਰਚ ਵੀ ਕਰ ਦਿੱਤੇ ਹਨ।
ਇਸੇ ਤਰ੍ਹਾਂ ਫੰਡ ਨਾ ਖਰਚਣ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਸੰਦੀਪ ਪਾਠਕ ਦਾ ਨਾਂਅ ਵੀ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਨੇ ਆਪਣੇ 18 ਕਰੋੜ 32 ਲੱਖ ਦੇ ਫੰਡਾਂ ਵਿੱਚੋਂ ਸਿਰਫ 2 ਕਰੋੜ 76 ਲੱਖ ਹੀ ਖਰਚੇ ਹਨ।ਅਸ਼ੋਕ ਮਿੱਤਲ ਨੇ 17 ਕਰੋੜ 35 ਲੱਖ ਵਿੱਚੋਂ 2 ਕਰੋੜ 35 ਲੱਖ ਹੀ ਖਰਚੇ ਹਨ।ਹਰਭਜਨ ਸਿੰਘ ਭਜੀ ਨੇ 17 ਕਰੋੜ 19 ਲੱਖ ਵਿੱਚੋਂ 5 ਕਰੋੜ 74 ਲੱਖ ਖਰਚ ਕੀਤੇ ਹਨ।ਵਿਕਰਮਜੀਤ ਸਿੰਘ ਸਾਹਨੀ ਨੇ ਵੀ ਆਪਣੇ 14 ਕਰੋੜ 71 ਲੱਖ ਵਿੱਚ 5 ਕਰੋੜ 76 ਲੱਖ ਹੀ ਖਰਚੇ ਹਨ।
ਸੰਤ ਸੀਚੇਵਾਲ ਜੀ ਨੂੰ ਛੱਡ ਕੇ ਕਿਸੇ ਵੀ ਐਮਪੀਜ਼ ਨੇ 50 ਫੀਸਦੀ ਫੰਡ ਨਹੀਂ ਖਰਚ ਕੀਤੇ। ਸੰਤ ਸੀਚੇਵਾਲ ਨੇ ਪੰਜਾਬ ਦੇ ਪਿੰਡਾਂ ਦੀਆਂ ਲੋੜਾਂ ਨੂੰ ਸਮਝਦਿਆ ਆਪਣੇ ਵਿਵੇਕ ਨਾਲ ਫੰਡ ਖਰਚ ਕੀਤੇ ਹਨ।ਉਨ੍ਹਾਂ ਕਿਹਾ ਕਿ ਆਪ ਦੇ ਸਾਰੇ ਰਾਜ ਸਭਾ ਮੈਂਬਰਾਂ ਵਿੱਚੋਂ ਸਭ ਤੋਂ ਘੱਟ ਪੜ੍ਹੇ ਲਿਖੇ।
ਸੰਤ ਸੀਚੇਵਾਲ ਆਮ ਆਦਮੀ ਪਾਰਟੀ ਦੇ ਬਾਕੀ ਰਾਜ ਸਭਾ ਮੈਂਬਰਾਂ ਨਾਲੋਂ ਸਭ ਤੋਂ ਘੱਟ ਪੜ੍ਹੇ ਲਿਖੇ ਹਨ।ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸੰਤ ਸੀਚੇਵਾਲ ਆਪਣੇ ਬਾਕੀ ਸਾਥੀਆਂ ਨਾਲੋਂ ਫਾਡੀ ਹਨ।ਜਦ ਕਿ ਉਨ੍ਹਾਂ ਦੇ ਬਾਕੀ 5 ਸਾਥੀ ਕਰੋੜਾਂਪਤੀ ਜਾਂ ਅਰਬਾਂਪਤੀ ਹਨ।ਸੰਤ ਸੀਚੇਵਾਲ ਦੀ ਜਾਇਦਾਦ ਲੱਖਾਂ ਵਿੱਚ ਹੀ ਆਉਂਦੀ ਹੈ।ਉਨ੍ਹਾਂ ਨੇ ਆਪਣਾ ਅਖਤਿਆਰੀ ਫੰਡ ਦਾ ਵੱਡਾ ਹਿੱਸਾ ਪਾਣੀ ਵਾਲੀਆਂ ਟੈਂਕੀਅਆਂ ਦੇਣ ‘ਤੇ ਖਰਚ ਕੀਤਾ ਹੈ ਜਿਹੜਾ ਕਿ 7 ਕਰੋੜ 50 ਲੱਖ ਤੋਂ ਵੱਧ ਬਣਦਾ ਹੈ।ਏਨੀ ਰਕਮ ਖਰਚ ਕਰਕੇ ਉਨ੍ਹਾਂ ਨੇ ਪੰਜਾਬ ਦੇ 14 ਜ਼ਿਲ੍ਹਿਆਂ ਨੂੰ 215 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਹਨ।