ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਮਦਦ ਦੀ ਮੁਹਿੰਮ ਜਾਰੀ, ਸੰਗਰੂਰ ਤੋਂ 100 ਟਰੈਕਟਰ ਰਮਦਾਸ ਪਹੁੰਚੇ
Bhartiya Kisan Union Ekta Ugrahan Campaign to help Flood-Affected Areas: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ਲਗਾਤਾਰ ਜਾਰੀ ਹੈ। ਇਸ ਸਬੰਧ ‘ਚ ਸੰਗਰੂਰ ਜ਼ਿਲ੍ਹੇ ਤੋਂ 100 ਟਰੈਕਟਰਾਂ ਦਾ ਜਥਾ ਰਮਦਾਸ ਇਲਾਕੇ ਵਿੱਚ ਪਹੁੰਚਿਆ, ਜਿੱਥੇ ਰਾਵੀ ਦਰਿਆ ਪਾਰ ਹੜ੍ਹ ਨਾਲ਼ ਪ੍ਰਭਾਵਿਤ ਜ਼ਮੀਨਾਂ ਨੂੰ ਪੱਧਰਾ ਕਰਕੇ ਵਾਹਿਯੋਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਹੜ੍ਹਾਂ ਕਾਰਨ ਖੇਤਾਂ ਵਿੱਚ ਰੇਤ ਅਤੇ ਗਾਰ ਦੇ ਪੜਾਅ ਬਣ ਗਏ, ਜਿਸ ਕਾਰਨ ਕਿਸਾਨਾਂ ਲਈ ਸਮੇਂ ’ਤੇ ਕਣਕ ਦੀ ਬਿਜਾਈ ਕਰਨਾ ਮੁਸ਼ਕਲ ਹੋ ਗਿਆ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਨੇ ਪੜਾਅਵਾਰ ਰਾਹਤ ਯੋਜਨਾ ਤਹਿਤ ਇਸ ਪੱਧਰੀ ਅਭਿਆਨ ਦੀ ਸ਼ੁਰੂਆਤ ਕੀਤੀ ਹੈ।
ਵੰਡਿਆ ਗਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ
ਇਸ ਮੌਕੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਹਿਲਾਂ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਨੂੰ ਕਣਕ, ਬਿਸਤਰੇ, ਗਰਮ ਕੱਪੜੇ ਅਤੇ ਪਸ਼ੂਆਂ ਲਈ ਚਾਰਾ ਵੰਡਿਆ ਗਿਆ। ਇਸ ਤੋਂ ਇਲਾਵਾ, ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵੰਡਿਆ ਗਿਆ ਸੀ।
ਹੁਣ ਇਹ ਮੁਹਿੰਮ ਅਗਲੇ ਪੜਾਅ ਵਿੱਚ ਦਾਖ਼ਲ ਹੋ ਚੁੱਕੀ ਹੈ, ਜਿਸ ਵਿੱਚ ਖੇਤਾਂ ਦੀ ਪੱਧਰੀ ਅਤੇ ਸਫਾਈ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸਾਨ ਆਪਣੇ ਖੇਤਾਂ ਵਿੱਚ ਮੁੜ ਬਿਜਾਈ ਕਰ ਸਕਣ। ਧੰਗਈ ਨੇ ਕਿਹਾ ਕਿ “ਜਦ ਤੱਕ ਹੜ੍ਹ ਪ੍ਰਭਾਵਿਤ ਕਿਸਾਨ ਅਤੇ ਮਜ਼ਦੂਰ ਪੂਰੀ ਤਰ੍ਹਾਂ ਆਪਣੇ ਪੈਰਾਂ ’ਤੇ ਖੜੇ ਨਹੀਂ ਹੋ ਜਾਂਦੇ, ਤਦ ਤੱਕ ਇਹ ਸਹਾਇਤਾ ਜਾਰੀ ਰਹੇਗੀ।”
ਪੰਜਾਬ ਸਰਕਾਰ ਨੂੰ ਅਪੀਲ
ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੜ੍ਹ ਨਾਲ ਨੁਕਸਾਨੀ ਕਿਸਾਨਾਂ ਦੀ ਵਿੱਤੀ ਸਹਾਇਤਾ ਤੁਰੰਤ ਕੀਤੀ ਜਾਵੇ ਤਾਂ ਜੋ ਉਹ ਆਪਣਾ ਜੀਵਨ ਮੁੜ ਸਧਾਰ ਸਕਣ।