ਪਿੰਡ ਖੇੜਾ ਦੋਨਾਂ ਮੰਡੀ ਨੇੜੇ ਢਾਬੇ ‘ਤੇ ਚੱਲੀਆਂ ਗੋਲੀਆਂ, ਤਿੰਨ ਨੌਜਵਾਨ ਜ਼ਖਮੀ
Sultanpur Lodhi Firing; ਸੁਲਤਾਨਪੁਰ ਲੋਧੀ ਰੋਡ ਤੇ ਪਿੰਡ ਖੇੜਾ ਦੋਨਾਂ ਦਾਣਾ ਮੰਡੀ ਨਜ਼ਦੀਕ ਢਾਬੇ ਤੇ ਦੇਰ ਰਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ । ਜਿਨਾਂ ਨੂੰ ਸਥਾਨਕ ਲੋਕਾਂ ਤੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ।
ਜਖਮੀਆਂ ਦੀ ਪਹਿਚਾਣ ਕਰਨਬੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸੈਦਪੁਰ, ਰਿੰਕੂ ਵਾਸੀ ਸ਼ੇਖੂਪੁਰ ਅਤੇ ਗੁਰਬੀਰ ਸਿੰਘ ਵਾਸੀ ਕਰਤਾਰਪੁਰ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਢਾਬੇ ਤੇ ਰੋਟੀ ਖਾ ਰਹੇ ਸਨ, ਤਾਂ ਚਾਰ ਪੰਜ ਗੱਡੀਆਂ ‘ਤੇ ਤਿੰਨ ਦਰਜਨ ਦੇ ਕਰੀਬ ਨੌਜਵਾਨ ਆਏ ਅਤੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਵਿੱਚ ਗੁਰਬੀਰ ਸਿੰਘ ਦੇ ਗੋਲੀ ਵੱਜਣ ਅਤੇ ਸਾਡੇ ਤੇ ਤੇਜਧਾਰ ਨਾਲ ਹਮਲਾ ਹੋਣ ਕਾਰਨ ਅਸੀਂ ਤਿੰਨੇ ਜਖਮੀ ਹੋ ਗਏ। ਐਮਰਜੈਂਸੀ ਵਾਰਡ ਵਿੱਚ ਤੈਨਾਤ ਡਿਊਟੀ ਡਾਕਟਰ ਯੋਗਿਤਾ ਨੇ ਦੱਸਿਆ ਕਿ ਜਖਮੀਆਂ ਦਾ ਇਲਾਜ ਜਾਰੀ ਹੈ। ਜਦਕਿ ਗੋਲੀ ਵੱਜਣ ਕਾਰਨ ਜ਼ਖਮੀ ਹੋਏ ਗੁਰਬੀਰ ਸਿੰਘ ਵਾਸੀ ਕਰਤਾਰਪੁਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।