ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੰਤਰਰਾਸ਼ਟਰੀ ਪਾਵਰ ਸਲੈਪ ਜੇਤੂ ਜੁਝਾਰ ਸਿੰਘ ਦਾ ਕੀਤਾ ਸਨਮਾਨ
International Power Slap winner Jujhar Singh: ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜੁਝਾਰ ਸਿੰਘ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੀ ਖੇਡ ਵਿੱਚ ਹੋਰ ਉੱਚਾਈਆਂ ਛੂਹਣ ਅਤੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਚੈਂਬਰ ਵਿੱਚ ਅੰਤਰਰਾਸ਼ਟਰੀ ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤਣ ਵਾਲੇ ਪਹਿਲੇ ਭਾਰਤੀ ਅਤੇ ਪਹਿਲੇ ਸਿੱਖ ਖਿਡਾਰੀ ਜੁਝਾਰ ਸਿੰਘ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਜੁਝਾਰ ਸਿੰਘ ਨੇ ਆਬੂ ਧਾਬੀ ਵਿੱਚ ਹੋਈ ਇਸ ਪ੍ਰਤਿਸ਼ਠਿਤ ਚੈਂਪੀਅਨਸ਼ਿਪ ਵਿੱਚ ਰੂਸੀ ਹੈਵੀਵੇਟ ਅਨਾਤੋਲੀ ਗਾਲੁਸ਼ਕਾ ਨੂੰ ਹਰਾਕੇ ਇਤਿਹਾਸ ਰਚਿਆ।
ਜੁਝਾਰ ਸਿੰਘ ਸ੍ਰੀ ਚਮਕੌਰ ਸਾਹਿਬ (ਜ਼ਿਲ੍ਹਾ ਰੋਪੜ) ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਇਹ ਜਿੱਤ ਨਾ ਸਿਰਫ਼ ਪੰਜਾਬ ਲਈ ਮਾਣ ਦੀ ਗੱਲ ਹੈ ਸਗੋਂ ਪੂਰੇ ਦੇਸ਼ ਲਈ ਵੀ ਪ੍ਰੇਰਣਾ ਦਾ ਸਰੋਤ ਹੈ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਕਿਹਾ ਕਿ, “ਜੁਝਾਰ ਸਿੰਘ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਸਮਰਪਣ ਨਾਲ ਵਿਸ਼ਵ ਪੱਧਰ ‘ਤੇ ਪੰਜਾਬੀਆਂ ਦਾ ਮੱਥਾ ਉੱਚਾ ਕੀਤਾ ਹੈ। ਅਜਿਹੇ ਨੌਜਵਾਨ ਹੀ ਖੇਡਾਂ ਰਾਹੀਂ ਸੂਬੇ ਦੀ ਨਵੀਂ ਪਛਾਣ ਬਣਾ ਰਹੇ ਹਨ।”
ਉਨ੍ਹਾਂ ਨੇ ਜੁਝਾਰ ਸਿੰਘ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੀ ਖੇਡ ਵਿੱਚ ਹੋਰ ਉੱਚਾਈਆਂ ਛੂਹਣ ਅਤੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਰਹਿਣ।
ਸਪੀਕਰ ਨੇ ਇਹ ਵੀ ਜ਼ੋਰ ਦਿੱਤਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੀ ਭਲਾਈ ਅਤੇ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ ਸਗੋਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਜੀਵਨ ਵਿੱਚ ਅਨੁਸ਼ਾਸਨ ਲਿਆਉਣ ਦਾ ਸਭ ਤੋਂ ਵਧੀਆ ਸਾਧਨ ਵੀ ਹਨ।
ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨਾਂ ਨੂੰ ਜੁਝਾਰ ਸਿੰਘ ਵਰਗੇ ਖਿਡਾਰੀਆਂ ਤੋਂ ਪ੍ਰੇਰਣਾ ਲੈ ਕੇ ਖੇਡਾਂ ਰਾਹੀਂ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ।