ਸੁਨਾਮ ਤੋਂ ਸੀਨੀਅਰ ਪੱਤਰਕਾਰ RN ਕਾਂਸਲ ਦੀ ਸੜਕ ਹਾਦਸੇ ’ਚ ਮੌਤ, ਪੁਲਿਸ ਜਾਂਚ ਜਾਰੀ
Punjab News: ਸੁਨਾਮ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੀਨੀਅਰ ਪੱਤਰਕਾਰ ਆਰ.ਐਨ. ਕਾਂਸਲ ਦੀ ਅੱਜ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ, ਆਰ.ਐਨ. ਕਾਂਸਲ ਅੱਜ ਭਵਾਨੀਗੜ੍ਹ ਤੋਂ ਸੁਨਾਮ ਵਾਪਸ ਆ ਰਹੇ ਸਨ ਤਾਂ ਪਿੰਡ ਸੰਜ਼ੂਮਾਂ ਕੋਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦਰਖਤ ਨਾਲ ਟਕਰਾ ਗਈ। ਇਹ ਹਾਦਸਾ ਵਾਪਰ ਗਿਆ। SSF ਟੀਮ ਵਲੋਂ ਮੌਕੇ ਉੱਤੇ ਪਹੁੰਚ ਕੇ ਆਰ.ਐਨ. ਕਾਂਸਲ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ।
ਆਰ.ਐਨ. ਕਾਂਸਲ ਪ੍ਰੈਸ ਕਲੱਬ ਸੁਨਾਮ ਦੇ ਜਨਰਲ ਸਕੱਤਰ ਸਨ, ਇਸ ਤੋਂ ਇਲਾਵਾ ਉਹ ਸ਼ਹਿਰ ਦੇ ਕਈ ਪ੍ਰਮੁੱਖ ਕਲੱਬਾਂ ਅਤੇ ਸੰਸਥਾਵਾਂ ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਸਨ। ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਪ੍ਰਸ਼ੰਸਾਯੋਗ ਅਤੇ ਹਮੇਸ਼ਾ ਯਾਦ ਰੱਖਣਯੋਗ ਰਿਹਾ।
ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਪੱਤਰਕਾਰ ਭਾਈਚਾਰੇ, ਰਾਜਨੀਤਿਕ ਤੇ ਸਮਾਜਿਕ ਅਗੂਆਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਗਹਿਰੇ ਦੁੱਖ ਵਿੱਚ ਡੁੱਬੋ ਦਿੱਤਾ ਹੈ। ਹਰ ਵਰਗ ਦੇ ਲੋਕਾਂ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਹੈ।
ਪੱਤਰਕਾਰ ਆਰ.ਐਨ. ਕਾਂਸਲ ਦੀ ਮੌਤ ਨਾ ਸਿਰਫ਼ ਸੁਨਾਮ ਲਈ, ਸਗੋਂ ਪੂਰੀ ਪੱਤਰਕਾਰਤਾ ਲਈ ਵੱਡਾ ਨੁਕਸਾਨ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਤਾਕਤ ਦੇਵੇ।