Incident of Sacrilege : ਜਲੰਧਰ ਦੇ ਨਕੋਦਰ ਬਾਈਪਾਸ ਸ਼ੰਕਰ ਰੋਡ ‘ਤੇ ਨਹਿਰ ਦੇ ਪੁਲ ‘ਤੇ ਧਾਰਮਿਕ ਗ੍ਰੰਥਾਂ ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਮਿਲਣ ਨਾਲ ਸਿੱਖ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਿਚ ਵਾਪਰੀ ਬੇਅਦਬੀ ਦੀ ਘਟਨਾ ਉਪਰੰਤ ਸਥਾਨਕ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ।
ਜਾਣਕਾਰੀ ਅਨੁਸਾਰ ਇਕ ਸਿੱਖ ਨੌਜਵਾਨ ਬਲਜਿੰਦਰ ਸਿੰਘ ਵਾਸੀ ਪ੍ਰੀਤ ਨਗਰ ਨਕੋਦਰ, ਜੋ ਕਿਸੇ ਕੰਮ ਲਈ ਸ਼ੰਕਰ ਰੋਡ ਤੋਂ ਲੰਘ ਰਿਹਾ ਸੀ, ਨੇ ਦੇਖਿਆ ਕਿ ਨਹਿਰ ਪੁਲ ਨੇੜੇ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ,
ਦੇ ਗੁਟਕਾ ਸਾਹਿਬ, ਧਾਰਮਿਕ ਗ੍ਰੰਥ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਬੇਅਦਬੀ ਕਰਨ ਤੋਂ ਬਾਅਦ ਕਿਸੇ ਨੇ ਸੁੱਟ ਦਿੱਤੀਆਂ।
ਉਸ ਨੇ ਤੁਰੰਤ ਉਕਤ ਗੁਟਕਾ ਸਾਹਿਬ, ਹੋਰ ਧਾਰਮਿਕ ਗ੍ਰੰਥ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਸਤਿਕਾਰ ਸਾਹਿਬ ਆਪਣੇ ਕਬਜ਼ੇ ‘ਚ ਲੈ ਕੇ ਆਪਣੇ ਹੋਰ ਸਾਥੀਆਂ ਸਮੇਤ ਮੌਕੇ ‘ਤੇ ਹੀ ਧਰਨਾ ਲਾ ਕੇ ਰੋਸ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਮੌਕੇ ‘ਤੇ ਪਹੁੰਚੇ ਡੀ. ਐੱਸ. ਪੀ. ਸੁਖਪਾਲ ਸਿੰਘ ਤੇ ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਨੇ ਗੁਟਕਾ ਸਾਹਿਬ, ਹੋਰ ਧਾਰਮਿਕ ਗ੍ਰੰਥ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨੂੰ ਸਤਿਕਾਰ ਸਾਹਿਬ ਸਥਾਨਕ ਗੁਰਦੁਆਰਾ /ਸਿੰਘ ਸਭਾ ਕਮੇਟੀ ਦੇ ਹਵਾਲੇ ਕੀਤਾ।
ਇਸ ਮੌਕੇ ਪਹੁੰਚੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਸ ਘਿਨਾਉਣੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
ਡੀ. ਐੱਸ.ਪੀ. ਨਕੋਦਰ ਸੁਖਪਾਲ ਸਿੰਘ ਅਤੇ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਭੜਕੇ ਸਿੱਖ ਭਾਈਚਾਰੇ ਨੂੰ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ।