ਹਾਂਗਕਾਂਗ ਦੀਆਂ ਉੱਚੀ ਇਮਾਰਤਾਂ ਵਿੱਚ ਭਿਆਨਕ ਅੱਗ: 44 ਮੌਤਾਂ ; 3 ਸ਼ੱਕੀ ਗ੍ਰਿਫ਼ਤਾਰ
Breaking News : ਬੁੱਧਵਾਰ ਦੁਪਹਿਰ ਹਾਂਗਕਾਂਗ ਦੇ ਤਾਈ ਪੋ ਖੇਤਰ ਵਿਚ ਸਥਿਤ ਇੱਕ ਵੱਡੇ ਹਾਊਸਿੰਗ ਕੰਪਲੈਕਸ ਵਿੰਗ ਫੁਕ ਕੋਰਟ ਵਿੱਚ ਲੱਗੀ ਭਿਆਨਕ ਅੱਗ ਨੇ ਤਬਾਹੀ ਮਚਾ ਦਿੱਤੀ। ਅੱਗ ਨੇ ਕੁੱਲ ਅੱਠ ਉੱਚੀਆਂ ਰਿਹਾਇਸ਼ੀ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ 2,000 ਫਲੈਟਾਂ ਵਿੱਚ ਰਹਿ ਰਹੇ ਹਜ਼ਾਰਾਂ ਲੋਕ ਫਸ ਗਏ। ਅੱਗ ਦੀਆਂ ਭਿਆਨਕ ਲਪਟਾਂ, ਚੀਕਾਂ ਅਤੇ ਘਬਰਾਏ ਹੋਏ ਲੋਕਾਂ ਦੀ ਭੀੜ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ।
ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 44 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ ਸੈਂਕੜੇ ਲੋਕ ਲਾਪਤਾ ਹਨ। ਘਟਨਾ ਸਥਾਨ ਦੇ ਨੇੜੇ ਮੌਜੂਦ ਇੱਕ ਫਾਇਰਫਾਈਟਰ ਦੀ ਵੀ ਜਾਨ ਚਲ ਗਈ।
ਅੱਗ ਇੰਨੀ ਤੀਬਰ ਕਿ 700 ਤੋਂ ਵੱਧ ਫਾਇਰਫਾਈਟਰ ਤਾਇਨਾਤ
ਹਾਂਗਕਾਂਗ ਸਰਕਾਰ ਮੁਤਾਬਕ, ਅੱਗ ਰਾਤ 2:51 ਵਜੇ ਲੱਗੀ, ਜਿਸ ਤੋਂ ਬਾਅਦ ਤੁਰੰਤ ਰੈਸਕਿਊ ਟੀਮਾਂ ਨੂੰ ਮੋਬਿਲਾਈਜ਼ ਕੀਤਾ ਗਿਆ। ਅੱਗ ਦੇ ਪੱਧਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ ਬੁਝਾਉਣ ਲਈ 700 ਤੋਂ ਵੱਧ ਫਾਇਰਫਾਈਟਰ ਭੇਜੇ ਗਏ।
ਇਮਾਰਤਾਂ ਪੂਰੀ ਤਰ੍ਹਾਂ ਧੂੰਏਂ ਨਾਲ ਘਿਰੀਆਂ ਹੋਈਆਂ ਸਨ, ਅਤੇ ਵਸਨੀਕ ਆਪਣੇ ਘਰਾਂ ਵਿੱਚ ਫਸੇ ਰਹੇ। ਕਈ ਲੋਕ ਬਾਲਕਨੀਆਂ ਤੋਂ ਮਦਦ ਲਈ ਚੀਕਦੇ ਰਹੇ, ਜਦੋਂਕਿ ਰੈਸਕਿਊ ਟੀਮਾਂ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਰਹੀਆਂ।
ਮਰਨ ਵਾਲਿਆਂ ਵਿੱਚ ਇੱਕ ਫਾਇਰਫਾਈਟਰ ਵੀ ਸ਼ਾਮਲ
ਫਾਇਰ ਡਿਪਾਰਟਮੈਂਟ ਦੇ ਅਫ਼ਸਰ ਚਾਉ ਵਿੰਗ-ਯਿਨ ਨੇ ਦੱਸਿਆ ਕਿ ਮੌਕੇ ’ਤੇ ਮਿਲੇ 36 ਮ੍ਰਿਤਕਾਂ ਵਿੱਚੋਂ 9 ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ। ਛੇ ਹੋਰ ਲੋਕ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ।
ਦੁੱਖਦਾਈ ਗੱਲ ਇਹ ਹੈ ਕਿ ਅੱਗ ‘ਚ ਇੱਕ ਫਾਇਰਫਾਈਟਰ ਦੀ ਵੀ ਜਾਨ ਚਲੀ ਗਈ। ਉਸ ਨਾਲ ਦੁਪਹਿਰ 3:30 ਵਜੇ ਸੰਪਰਕ ਟੁੱਟ ਗਿਆ ਸੀ ਅਤੇ ਲਗਭਗ 4 ਵਜੇ ਉਹ ਸੜੇ ਹੋਏ ਜ਼ਖਮਾਂ ਨਾਲ ਮਿਲਿਆ। ਹਸਪਤਾਲ ਪਹੁੰਚਣ ’ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
3 ਲੋਕ ਗ੍ਰਿਫ਼ਤਾਰ, ਕਾਰਣਾਂ ਦੀ ਜਾਂਚ ਜਾਰੀ
ਪੁਲਿਸ ਨੇ ਘਟਨਾ ਦੇ ਸਬੰਧ ਵਿੱਚ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਹਾਦਸਾ ਸੀ ਜਾਂ ਕਿਸੇ ਲਾਪਰਵਾਹੀ ਦਾ ਨਤੀਜਾ।
ਵਿੰਗ ਫੁਕ ਕੋਰਟ ਤਾਈ ਪੋ ਰੇਲਵੇ ਸਟੇਸ਼ਨ ਤੋਂ ਕੇਵਲ 500 ਮੀਟਰ ਦੀ ਦੂਰੀ ’ਤੇ ਹੈ, ਜਿਸ ਕਰਕੇ ਸਟੇਸ਼ਨ ਤੱਕ ਭਿਆਨਕ ਧੂੰਏਂ ਦੀ ਬਦਬੂ ਮਹਿਸੂਸ ਕੀਤੀ ਜਾ ਰਹੀ ਸੀ।