Banner
Banner

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਚੋਣਾਂ ਦਾ ਅੱਜ ਹੋਵੇਗਾ ਐਲਾਨ

Zila Parishad and Panchayat Samiti Elections: ਪੰਜਾਬ ਰਾਜ ਚੋਣ ਕਮਿਸ਼ਨ ਅੱਜ ਸ਼ੁੱਕਰਵਾਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਐਲਾਨ ਕਰੇਗਾ। ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ 14 ਦਸੰਬਰ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਭਲਕੇ ਸੂਬੇ ’ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਅੱਧ ਦਸੰਬਰ ਤੱਕ ਪੰਜਾਬ ਸਰਕਾਰ […]
Amritpal Singh
By : Updated On: 28 Nov 2025 08:04:AM
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਚੋਣਾਂ ਦਾ ਅੱਜ ਹੋਵੇਗਾ ਐਲਾਨ

Zila Parishad and Panchayat Samiti Elections: ਪੰਜਾਬ ਰਾਜ ਚੋਣ ਕਮਿਸ਼ਨ ਅੱਜ ਸ਼ੁੱਕਰਵਾਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਦਾ ਐਲਾਨ ਕਰੇਗਾ। ਪੰਚਾਇਤੀ ਸੰਸਥਾਵਾਂ ਦੀਆਂ ਚੋਣਾਂ 14 ਦਸੰਬਰ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੇ ਐਲਾਨ ਦੇ ਨਾਲ ਹੀ ਭਲਕੇ ਸੂਬੇ ’ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਅੱਧ ਦਸੰਬਰ ਤੱਕ ਪੰਜਾਬ ਸਰਕਾਰ ਕੋਈ ਨਵਾਂ ਵਿਕਾਸ ਪ੍ਰਾਜੈਕਟ ਜਾਂ ਵਿਕਾਸ ਕਾਰਜ ਦਾ ਐਲਾਨ ਨਹੀਂ ਕਰ ਸਕੇਗੀ। ਪਿੰਡਾਂ ’ਚ ਇਨ੍ਹਾਂ ਚੋਣਾਂ ਕਾਰਨ ਉਮੀਦਵਾਰਾਂ ਦੀ ਭੱਜ-ਨੱਠ ਸ਼ੁਰੂ ਹੋ ਗਈ ਹੈ।

ਪੰਜਾਬ ਸਰਕਾਰ ਦੇ ਕਰਵਾਏ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਦੇ ਖ਼ਤਮ ਹੁੰਦਿਆਂ ਹੀ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਅੱਜ ਇੱਥੇ ਪੰਜਾਬ ਭਵਨ ’ਚ ਦੁਪਹਿਰ ਸਾਢੇ ਤਿੰਨ ਵਜੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਚੋਣ ਪ੍ਰੋਗਰਾਮ ਜਾਰੀ ਕਰੇਗਾ। ਪੰਜਾਬ ’ਚ 23 ਜ਼ਿਲ੍ਹਾ ਪਰਿਸ਼ਦਾਂ ਅਤੇ 154 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਹੋਣੀਆਂ ਹਨ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਨ੍ਹਾਂ ਚੋਣਾਂ ਲਈ ਹਰ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰ ਲਈ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਜ਼ੋਨ ਬਣਾਉਣ ਅਤੇ ਉਨ੍ਹਾਂ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਕੀਤਾ ਜਾ ਚੁੱਕਾ ਹੈ।

ਪੰਜਾਬ ’ਚ ਇਸ ਵਾਰ ਪੰਚਾਇਤੀ ਸੰਸਥਾਵਾਂ ਦੀਆਂ ਇਹ ਚੋਣਾਂ ਸਮੇਂ ਤੋਂ ਪਛੜ ਕੇ ਹੋ ਰਹੀਆਂ ਹਨ। ਇਹ ਚੋਣਾਂ ਜਨਵਰੀ 2025 ਦੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਕਰਵਾਈਆਂ ਜਾਣਗੀਆਂ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਹਾਈ ਕੋਰਟ ’ਚ ਇਹ ਚੋਣਾਂ 5 ਦਸੰਬਰ ਤੱਕ ਕਰਵਾਉਣ ਬਾਰੇ ਹਲਫ਼ੀਆ ਬਿਆਨ ਦਾਇਰ ਕੀਤਾ ਹੈ। ਇਹ ਚੋਣਾਂ ਬਲਾਕਾਂ ਦੇ ਪੁਨਰਗਠਨ ਕਾਰਨ ਅਤੇ ਫਿਰ ਪੰਜਾਬ ’ਚ ਹੜ੍ਹ ਆਉਣ ਕਾਰਨ ਟਾਲਣੀਆਂ ਪਈਆਂ ਸਨ।

ਮੌਜੂਦਾ ਸਰਕਾਰ ਨੇ ਪਹਿਲੀ ਵਾਰ 10 ਅਗਸਤ 2023 ਨੂੰ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਪੰਚਾਇਤੀ ਚੋਣਾਂ 31 ਦਸੰਬਰ ਅਤੇ ਜ਼ਿਲ੍ਹਾ ਪਰਿਸ਼ਦ ਤੇ ਸਮਿਤੀ ਚੋਣਾਂ 25 ਨਵੰਬਰ 2023 ਤੱਕ ਕਰਾਉਣ ਦਾ ਫ਼ੈਸਲਾ ਕੀਤਾ ਸੀ ਪਰ ਹਾਈ ਕੋਰਟ ’ਚ ਮਾਮਲਾ ਜਾਣ ਕਰ ਕੇ ਪੰਜਾਬ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਰੱਦ ਕਰਨਾ ਪਿਆ ਸੀ।

ਸਿਆਸੀ ਧਿਰਾਂ ਲਈ ਅਹਿਮ ਪ੍ਰੀਖਿਆ
ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਹਾਤੀ ਪੰਜਾਬ ’ਚ ਸਿਆਸੀ ਧਿਰਾਂ ਲਈ ਇਹ ਅਹਿਮ ਪ੍ਰੀਖਿਆ ਹੈ। ਇਨ੍ਹਾਂ ਚੋਣਾਂ ’ਚ ਜਿੱਥੇ ਹਾਕਮ ਧਿਰ ਦੀ ਕਾਰਗੁਜ਼ਾਰੀ ਮਾਪੀ ਜਾਵੇਗੀ, ਉੱਥੇ ਵਿਰੋਧੀ ਧਿਰਾਂ ਦੀ ਧਰਾਤਲ ਪਕੜ ਦਾ ਵੀ ਪਤਾ ਲੱਗੇਗਾ। ਦੇਖਣਾ ਹੋਵੇਗਾ ਕਿ ਹਾਲ ’ਚ ਹੀ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਕਰਵਾਏ ਧਾਰਮਿਕ ਸਮਾਗਮ ਪੰਥਕ ਸਫ਼ਾਂ ’ਚ ਕਿੰਨਾ ਕੁ ਅਸਰ ਛੱਡਦੇ ਹਨ।

Read Latest News and Breaking News at Daily Post TV, Browse for more News

Ad
Ad