ਭਿਆਨਕ ਸੜਕ ਹਾਦਸਾ, ਤੇਜ਼ ਰਫ਼ਤਾਰ ਜੀਪ ਨੇ ਦਰੜੇ ਦੋ ਨੌਜਵਾਨ , ਇੱਕ ਦੀ ਹਾਲਤ ਨਾਜ਼ੁਕ
Youth dies in Sultanpur Lodhi road accident: ਸ਼ਹਿਰ ਦੀ ਨਵੀਂ ਦਾਣਾ ਮੰਡੀ ਦੇ ਨਜ਼ਦੀਕ ਤੇਜ਼ ਰਫ਼ਤਾਰ ਜੀਪ ਨੇ ਇੱਕ ਸਾਇਕਲ ਸਵਾਰ ਤੇ ਇੱਕ ਪੈਦਲ ਜਾ ਰਹੇ ਨੌਜਵਾਨ ਨੂੰ ਭਿਆਨਕ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਦਾਖ਼ਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੀ ਜੀਪ ਨੇ ਕਾਬੂ ਗਵਾ ਕੇ ਸੜਕ ‘ਤੇ ਜਾ ਰਹੇ ਸਾਇਕਲ ਚਾਲਕ ਅਤੇ ਇੱਕ ਪੈਦਲ ਨੌਜਵਾਨ ਨੂੰ ਦਰੜ ਦਿੱਤਾ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਸੜਕ ‘ਤੇ ਦੂਰ ਤੱਕ ਜਾ ਡਿੱਗੇ।
ਰਾਹਗੀਰਾਂ ਨੇ ਬੁਲਾਈ ਐਬੂਲੈਂਸ, ਪੁਲਿਸ ਕਰ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਵੱਲੋਂ ਦੋਹਾਂ ਨੂੰ ਮੂਲ ਇਲਾਜ ਦਿੱਤਾ ਗਿਆ, ਪਰ ਇੱਕ ਜ਼ਖ਼ਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਜਦ ਕੀ ਦੂਸਰਾ ਅਜੇ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਹੀ ਜੇਰੇ ਇਲਾਜ ਹੈ। ਉੱਥੇ ਹੀ ਹਾਦਸੇ ਦੀ ਜਾਣਕਾਰੀ ਮਿਲਦਿਆਂ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਲੋਕਾਂ ਕੀਤੀ ਤੇਜ਼ ਰਫਤਾਰ ਵਾਹਨਾ ਨੂੰ ਨੱਥ ਪਾਉਣ ਦੀ ਮੰਗ
ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਵੀਂ ਦਾਣਾ ਮੰਡੀ ਦੇ ਕੋਲ ਤੇਜ਼ ਰਫ਼ਤਾਰ ਵਾਹਨਾਂ ‘ਤੇ ਸਖ਼ਤ ਨਿਗਰਾਨੀ ਕੀਤੀ ਜਾਵੇ ਤਾਂ ਜੋ ਭਵਿੱਖ ‘ਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।