ਪੈਸੇਂਜਰ ਰੇਲਗੱਡੀ ਵਾਲੇ ਯਾਤਰੀਆਂ ਨੇ ਰੋਕੀ ‘ਵੰਦੇ ਭਾਰਤ ਟ੍ਰੇਨ’, ਦੇਰੀ ਨਾਲ ਚੱਲਣ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ
Bathinda Ghoneana Vande Bharat Train Protest; ਪੰਜਾਬ ਵਿੱਚ ਪਿਛਲੇ ਮਹੀਨੇ ਚੱਲਣ ਵਾਲੀ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਰੇਲਗੱਡੀ ਨੂੰ ਅੱਜ ਬਠਿੰਡਾ ਦੇ ਗੋਨਿਆਣਾ ਵਿਖੇ ਪ੍ਰਦਰਸ਼ਨਕਾਰੀਆਂ ਵੱਲੋਂ ਰੋਕਿਆ ਗਿਆ। ਇਹ ਰੇਲਗੱਡੀ ਲਗਭਗ ਅੱਧੇ ਘੰਟੇ ਤੱਕ ਰੁਕੀ ਰਹੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਵੰਦੇ ਭਾਰਤ ਰੇਲਗੱਡੀ ਕਾਰਨ ਰੇਲਵੇ ਵਿਭਾਗ ਲੋਕਲ ਰੇਲਗੱਡੀਆਂ ਨੂੰ ਦੇਰੀ ਨਾਲ ਚਲਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਦੇਰੀ ਉਨ੍ਹਾਂ ਦੇ ਰੋਜ਼ਾਨਾ ਦੇ ਕੰਮਕਾਜ ‘ਤੇ ਮਾੜਾ ਪ੍ਰਭਾਵ ਪਾ ਰਹੀ ਹੈ। ਵੰਦੇ ਭਾਰਤ ਰੇਲਗੱਡੀ ਦੇ ਰੁਕਣ ਦੀ ਜਾਣਕਾਰੀ ਮਿਲਣ ‘ਤੇ ਰੇਲਵੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ।
DSP ਕਾਨੂੰਨ ਪ੍ਰਕਿਰਿਆ ‘ਚ ਵਿਘਨ ਪਾਉਣ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਕਾਰਵਾਈ
ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇੱਕ ਪੈਸੇਂਜਰ ਰੇਲਗੱਡੀ ਅਤੇ ਵੰਦੇ ਭਾਰਤ ਰੇਲਗੱਡੀ ਵਿਚਕਾਰ ਥੋੜ੍ਹਾ ਸਮਾਂ ਰਹਿ ਗਿਆ ਸੀ। ਵੰਦੇ ਭਾਰਤ ਰੇਲਗੱਡੀ ਪਿੱਛੇ ਰੁਕ ਗਈ, ਜਿਸ ਤੋਂ ਬਾਅਦ ਪੈਸੇਂਜਰ ਰੇਲਗੱਡੀ ਤੋਂ ਯਾਤਰੀ ਉਤਰ ਗਏ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਯਾਤਰੀਆਂ ਨੇ ਮੰਗ ਕੀਤੀ ਕਿ ਪੈਸੇਂਜਰ ਰੇਲਗੱਡੀ ਨੂੰ ਜਲਦੀ ਸ਼ੁਰੂ ਕੀਤਾ ਜਾਵੇ, ਕਿਉਂਕਿ ਦੋਵਾਂ ਰੇਲਗੱਡੀਆਂ ਵਿਚਕਾਰ ਸਿਰਫ਼ 17 ਮਿੰਟ ਦਾ ਅੰਤਰ ਸੀ। ਡੀਐਸਪੀ ਸਿੰਘ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਦੀ ਵੀਡੀਓ ਬਣਾਈ ਗਈ ਹੈ, ਜੋ ਵੀ ਲੋਕ ਇਹਨਾਂ ‘ਚ ਸ਼ਾਮਿਲ ਹੋਣਗੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।