ਅੰਮ੍ਰਿਤਸਰ ‘ਚ 12 ਸਾਲਾ ਬੱਚੀ ਦੀ ਅਚਾਨਕ ਮੌਤ, ਹਸਪਤਾਲ ‘ਤੇ ਲੱਗੇ ਗੰਭੀਰ ਦੋਸ਼
Latest News: ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੇ ਬੇਬੇ ਨਾਨਕੀ ਵਾਰਡ ਵਿੱਚ 12 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਮ੍ਰਿਤਕ ਬੱਚੀ ਦੇ ਪਰਿਵਾਰ ਨੇ ਡਾਕਟਰਾਂ ਅਤੇ ਹਸਪਤਾਲ ਪ੍ਰਸ਼ਾਸਨ ‘ਤੇ ਭਾਰੀ ਲਾਪਰਵਾਹੀ ਦੇ ਦੋਸ਼ ਲਗਾਏ ਹਨ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ 7 ਤਾਰੀਖ ਦੀ ਰਾਤ ਬੱਚੀ ਦੀ ਆਕਸੀਜਨ ਲੈਵਲ ਅਚਾਨਕ ਘਟ ਕੇ 35 ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਉਸਨੂੰ ਤੁਰੰਤ ਐਮਰਜੈਂਸੀ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ। ਐਮਰਜੈਂਸੀ ਵਿੱਚ ਆਕਸੀਜਨ ਲਗਣ ਤੋਂ ਬਾਅਦ ਬੱਚੀ ਦੀ ਹਾਲਤ ਵਿੱਚ ਸੁਧਾਰ ਆਇਆ ਅਤੇ ਆਕਸੀਜਨ ਲੈਵਲ 80–85 ਤੱਕ ਹੋ ਗਈ। ਰਾਤ ਦੌਰਾਨ ਬੱਚੀ ਸਟੇਬਲ ਰਹੀ ਅਤੇ ਸਵੇਰੇ ਵੀ ਹਾਲਤ ਠੀਕ ਦੱਸੀ ਗਈ।
ਪਰਿਵਾਰ ਦੱਸਦਾ ਹੈ ਕਿ ਐਕਸ-ਰੇ ਤੋਂ ਬਾਅਦ ਡਾਕਟਰਾਂ ਨੇ ਖੱਬੇ ਫੇਫੜੇ ਵਿੱਚ ਪਾਣੀ ਹੋਣ ਦੀ ਗੱਲ ਕਹੀ ਅਤੇ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੂੰ ਵਿਖਾਉਣ ਦੀ ਸਲਾਹ ਦਿੱਤੀ। ਦੋਸ਼ ਹੈ ਕਿ ਚੈਸਟ ਡਿਪਾਰਟਮੈਂਟ ਦੇ ਡਾਕਟਰ ਨੇ ਸ਼ਾਮ ਨੂੰ ਵਿਜ਼ਿਟ ਕਰਨ ਦੀ ਗੱਲ ਕਹੀ ਪਰ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ। ਵਾਰਡ ਦੇ ਡਿਊਟੀ ਡਾਕਟਰ ਵੱਲੋਂ ਲਿਖਤੀ ਹੁਕਮਾਂ ਦੀ ਮੰਗ ਕੀਤੀ ਗਈ, ਜਿਸ ਕਾਰਨ ਪਰਿਵਾਰ ਨੂੰ ਮੁੜ ਡਾਕਟਰ ਕੋਲ ਭੇਜਿਆ ਗਿਆ, ਪਰ ਸ਼ਾਮ ਤੱਕ ਕੋਈ ਵੀ ਸੀਨੀਅਰ ਡਾਕਟਰ ਵਿਜ਼ਿਟ ਲਈ ਨਹੀਂ ਆਇਆ।
ਪਰਿਵਾਰ ਦਾ ਆਰੋਪ ਹੈ ਕਿ ਮਾਤਾ-ਪਿਤਾ ਜਾਂ ਦਾਦਾ ਦੀ ਸਹਿਮਤੀ ਤੋਂ ਬਿਨਾਂ ਹੀ ਬੱਚੀ ਦੇ ਫੇਫੜੇ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਕੀਤੀ ਗਈ ਕਾਰਵਾਈ ਤੋਂ ਬਾਅਦ ਬੱਚੀ ਦੀ ਤਬੀਅਤ ਬੇਹੱਦ ਵਿਗੜ ਗਈ ਅਤੇ ਥੋੜ੍ਹੀ ਦੇਰ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਪ੍ਰਸ਼ਾਸਨ ਮੈਡੀਕਲ ਫਾਈਲ ਮੁਹੱਈਆ ਨਹੀਂ ਕਰ ਰਿਹਾ, ਜਿਸ ਨਾਲ ਰਿਕਾਰਡ ਨਾਲ ਤੋੜਫੋੜ ਦੀ ਸ਼ੰਕਾ ਪੈਦਾ ਹੋ ਰਹੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਫਿਲਹਾਲ ਕਿਸੇ ਵੀ ਪੱਖੋਂ ਲਿਖਤੀ ਸ਼ਿਕਾਇਤ ਨਹੀਂ ਮਿਲੀ, ਪਰ ਮਾਮਲੇ ਦੀ ਜਾਂਚ ਜਾਰੀ ਹੈ। ਸ਼ਿਕਾਇਤ ਮਿਲਣ ‘ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।