ਮਨਕੀਰਤ ਔਲਖ ਦਾ ਨਵਾਂ ਗੀਤ ‘ਅਸਲਾ’ ਵਿਵਾਦਾਂ ‘ਚ, BJP ਆਗੂ ਨੇ DGP ਨੂੰ ਲਿਖਿਆ ਪੱਤਰ
Mankirt Aulakh Song Controversy; ਪੰਜਾਬ ਵਿੱਚ ਗਨ ਕਲਚਰ ਵਾਲੇ ਗੀਤਾਂ ‘ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਅਜਿਹੇ ਗੀਤ ਰਿਲੀਜ਼ ਹੋਣ ਤੋਂ ਨਹੀਂ ਰੁਕ ਰਹੇ। ਤਾਜ਼ਾ ਮਾਮਲਾ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ ‘ਅਸਲਾ’ ਜੁੜਿਆ ਸਾਹਮਣੇ ਆਇਆ ਹੈ। ਭਾਜਪਾ ਪੰਜਾਬ ਟ੍ਰੇਡ ਸੈੱਲ ਦੇ ਕੋ-ਕਨਵੀਨਰ ਅਰਵਿੰਦ ਸ਼ਰਮਾ ਨੇ ਇਸ ਗੀਤ ‘ਤੇ ਇਤਰਾਜ਼ ਜਤਾਇਆ ਹੈ।
ਅਰਵਿੰਦ ਸ਼ਰਮਾ ਨੇ ਗੀਤ ਨੂੰ ਹਿੰਸਾ ਲਈ ਉਕਸਾਉਣ ਵਾਲਾ ਦੱਸਦੇ ਹੋਏ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਗੀਤ ‘ਤੇ ਰੋਕ ਲਗਾਈ ਜਾਵੇ ਅਤੇ ਇਸਨੂੰ ਯੂਟਿਊਬ ਤੋਂ ਹਟਾਇਆ ਜਾਵੇ।
ਮਨਕੀਰਤ ਔਲਖ ਪਿਛਲੇ 15 ਦਿਨਾਂ ਤੋਂ ਆਪਣੇ ਨਵੇਂ ਗੀਤ ਦੇ ਪ੍ਰਚਾਰ ਲਈ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਸਨ। ਤਿੰਨ ਦਿਨ ਪਹਿਲਾਂ (6 ਫਰਵਰੀ) ਹੀ ਇਹ ਗੀਤ ਰਿਲੀਜ਼ ਹੋਇਆ ਹੈ।
ਮਨਕੀਰਤ ਔਲਖ ਅਤੇ ਜਹਰ ਵਾਈਬ ਦਾ ਇਹ ਗੀਤ ਡਿਜ਼ਿਟਲ ਪਲੇਟਫਾਰਮਾਂ ਅਤੇ ਯੂਟਿਊਬ ‘ਤੇ ਜਾਰੀ ਕੀਤਾ ਗਿਆ ਹੈ। ਰਿਲੀਜ਼ ਹੁੰਦਿਆਂ ਹੀ ਆਪਣੇ ਬੋਲਾਂ ਅਤੇ ਵਿਜ਼ੁਅਲਜ਼ ਕਾਰਨ ਇਹ ਗੀਤ ਵਿਵਾਦਾਂ ਵਿੱਚ ਆ ਗਿਆ। ਗੀਤ ਦੇ ਬੋਲਾਂ ਅਤੇ ਵੀਡੀਓ ਵਿੱਚ ਹਥਿਆਰਾਂ ਦੀ ਨੁਮਾਇਸ਼ ਦਿਖਾਈ ਗਈ ਹੈ।
ਡੀਜੀਪੀ ਨੂੰ ਭੇਜੀ ਸ਼ਿਕਾਇਤ ਦੀਆਂ 3 ਅਹਿਮ ਗੱਲਾਂ
- ਗਨ ਕਲਚਰ ਵਾਲੇ ਗੀਤ ਨੌਜਵਾਨਾਂ ਨੂੰ ਅਪਰਾਧ ਵੱਲ ਧੱਕ ਰਹੇ ਹਨ:
ਅਰਵਿੰਦ ਸ਼ਰਮਾ ਨੇ ਡੀਜੀਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਕਿਹਾ ਕਿ ਪੰਜਾਬ ਪਹਿਲਾਂ ਹੀ ਨਸ਼ਾ, ਗੈਂਗਵਾਰ ਅਤੇ ਗੈਰਕਾਨੂੰਨੀ ਹਥਿਆਰਾਂ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ‘ਅਸਲਹਾ’ ਵਰਗੇ ਗੀਤ ਨੌਜਵਾਨਾਂ ਨੂੰ ਹਿੰਸਾ ਵੱਲ ਉਕਸਾਉਂਦੇ ਹਨ ਅਤੇ ਕਾਨੂੰਨ-ਵਿਵਸਥਾ ਲਈ ਖ਼ਤਰਾ ਬਣਦੇ ਹਨ। ਇਸ ਲਈ ਮੰਗ ਕੀਤੀ ਗਈ ਹੈ ਕਿ ਗੀਤ ਨੂੰ ਤੁਰੰਤ ਸਾਰੇ ਡਿਜ਼ਿਟਲ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਇਆ ਜਾਵੇ।
- ਪਾਬੰਦੀ ਦੇ ਬਾਵਜੂਦ ਗੀਤ ਰਿਲੀਜ਼ ਹੋ ਰਹੇ ਹਨ:
ਅਰਵਿੰਦ ਸ਼ਰਮਾ ਨੇ ਕਿਹਾ ਕਿ ਸਰਕਾਰੀ ਪਾਬੰਦੀ ਦੇ ਬਾਵਜੂਦ ਵੀ ਗਨ ਕਲਚਰ ਵਾਲੇ ਗੀਤ ਜਾਰੀ ਹੋ ਰਹੇ ਹਨ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਭਵਿੱਖ ਲਈ ਡਿਜ਼ਿਟਲ ਪਲੇਟਫਾਰਮਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
- ਅਦਾਲਤੀ ਹੁਕਮਾਂ ਦੀ ਵੀ ਉਲੰਘਣਾ:
ਸ਼ਿਕਾਇਤ ਵਿੱਚ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈਕੋਰਟ ਦੇ ਉਹਨਾਂ ਫੈਸਲਿਆਂ ਦਾ ਹਵਾਲਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਂ ‘ਤੇ ਜਨਤਕ ਸ਼ਾਂਤੀ ਨੂੰ ਖ਼ਤਰੇ ਵਿੱਚ ਨਹੀਂ ਪਾਇਆ ਜਾ ਸਕਦਾ। ਭਾਜਪਾ ਆਗੂ ਨੇ ਦਲੀਲ ਦਿੱਤੀ ਕਿ ਜਦੋਂ ਪੰਜਾਬ ਪੁਲਿਸ ਖੁਦ 7 ਹਜ਼ਾਰ ਗਨ ਲਾਇਸੈਂਸ ਰੱਦ ਕਰਕੇ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਅਜਿਹੇ ਗੀਤ ਆਉਣਾ ਇਨ੍ਹਾਂ ਯਤਨਾਂ ਨੂੰ ਕਮਜ਼ੋਰ ਕਰਦਾ ਹੈ।