ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
Punjabi Singer: ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ ਨੂੰ ਜਾਨੋਂ ਮਾਰਨ ਦੀ ਗੰਭੀਰ ਧਮਕੀ ਮਿਲੀ ਹੈ। ਅਣਪਛਾਤੇ ਫੋਨ ਕਰਨ ਵਾਲੇ ਨੇ ਨਾ ਸਿਰਫ਼ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਬਲਕਿ ਉਸ ਦੀ ਕਾਰ ਦੀਆਂ ਫੋਟੋਆਂ ਵੀ ਭੇਜੀਆਂ ਹਨ ਤੇ ਉਸਦੀ ਲੋਕੇਸ਼ਨ ਵੀ ਸਾਂਝੀ ਕੀਤੀ ਹੈ, ਜਿਸ ਨਾਲ ਮੈਨੇਜਰ ਘਬਰਾ ਗਿਆ ਹੈ।
ਅਭਿਸ਼ੇਕ ਜੋਸ਼ ਅਨੁਸਾਰ ਉਸਨੂੰ ਪਹਿਲਾਂ ਅਣਜਾਣ ਨੰਬਰਾਂ ਤੋਂ ਕਈ ਕਾਲਾਂ ਆਈਆਂ ਸਨ, ਜਿਨ੍ਹਾਂ ਨੂੰ ਉਸਨੇ ਸ਼ੁਰੂ ’ਚ ਨਜ਼ਰਅੰਦਾਜ਼ ਕਰ ਦਿੱਤਾ ਸੀ। ਹਾਲਾਂਕਿ ਤਾਜ਼ਾ ਕਾਲ ’ਚ, ਕਾਲ ਕਰਨ ਵਾਲੇ ਨੇ ਸਪੱਸ਼ਟ ਤੌਰ ਤੇ ਕਿਹਾ, ਤੁਹਾਡੇ ਦਿਨ ਗਿਣੇ ਹੋਏ ਹਨ ਤੇ ਜਲਦੀ ਹੀ ਉਸਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੱਤੀ। ਫੋਟੋਆਂ ਤੇ ਲੋਕੇਸ਼ਨ ਭੇਜਣ ਤੋਂ ਬਾਅਦ ਚਿੰਤਾ ਵਧ ਗਈ। ਮੈਨੇਜਰ ਨੇ ਕਿਹਾ ਕਿ ਕਾਲ ਕਰਨ ਵਾਲੇ ਨੇ ਉਸਦੀ ਕਾਰ ਦੀਆਂ ਫੋਟੋਆਂ ਭੇਜੀਆਂ ਤੇ ਫਿਰ ਇਸਦੀ ਮੌਜੂਦਾ ਲੋਕੇਸ਼ਨ ਸਾਂਝੀ ਕੀਤੀ, ਜਿਸ ਨਾਲ ਉਸਨੂੰ ਖ਼ਤਰੇ ਦਾ ਪਤਾ ਲੱਗਾ ਤੇ ਉਸਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ।
ਅਭਿਸ਼ੇਕ ਜੋਸ਼ ਨੇ ਕਿਹਾ ਕਿ ਇਹ ਪਹਿਲਾ ਮਾਮਲਾ ਨਹੀਂ ਹੈ। ਉਸਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਸਨੇ ਆਪਣੇ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਤਾਜ਼ਾ ਧਮਕੀ ਦੇ ਮੱਦੇਨਜ਼ਰ, ਉਸਨੇ ਹੁਣ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਕਾਲਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਕਰ ਰਹੀ ਹੈ।