ਮੌਸਮ ਦੀ ਮਾਰ ਤੋਂ ਬਾਅਦ ਆਲੂਆਂ ਦੇ ਡਿੱਗੇ ਭਾਅ ਨੇ ਕਿਸਾਨਾਂ ਨੂੰ ਪਾਇਆ ਸੰਕਟ ਵਿੱਚ
4 ਰੁਪਏ ਕਿਲੋ ਰੇਟ ਨਾਲ ਘਾਟਾ ਵਧਿਆ, ਸਰਕਾਰ ਕੋਲ ਤੁਰੰਤ ਮਦਦ ਅਤੇ ਮੁਆਵਜ਼ੇ ਦੀ ਮੰਗ
Latest News: ਜਨਵਰੀ ਮਹੀਨੇ ਦੌਰਾਨ ਹੋਈ ਲਗਾਤਾਰ ਬਾਰਿਸ਼ ਨੇ ਪੰਜਾਬ ਵਿੱਚ ਆਲੂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖ਼ਾਸ ਕਰਕੇ Khanna ਨੇੜਲੇ ਪਿੰਡ ਰਾਜੇਵਾਲ ਸਮੇਤ ਕਈ ਇਲਾਕਿਆਂ ਵਿੱਚ ਤਕਰੀਬਨ 50 ਫੀਸਦੀ ਫਸਲ ਬਰਬਾਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਕਿਸਾਨਾਂ ਮੁਤਾਬਕ ਖੇਤਾਂ ਵਿੱਚ ਖੜੀ ਫਸਲ ਮੀਂਹ ਦੇ ਪਾਣੀ ਨਾਲ ਸੜ ਗਈ, ਜਿਸ ਨਾਲ ਸਾਲ ਭਰ ਦੀ ਮਿਹਨਤ ਬੇਕਾਰ ਹੋ ਗਈ।
ਕਿਸਾਨਾਂ ਨੇ ਦੱਸਿਆ ਕਿ ਜਿਹੜੀ ਫਸਲ ਕਿਸੇ ਤਰ੍ਹਾਂ ਬਚ ਗਈ ਹੈ, ਉਸਦਾ ਵੀ ਢੁਕਵਾਂ ਭਾਅ ਨਹੀਂ ਮਿਲ ਰਿਹਾ। ਮੌਜੂਦਾ ਸਮੇਂ ਵਪਾਰੀ ਸਿਰਫ਼ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਆਲੂ ਖਰੀਦ ਰਹੇ ਹਨ, ਜਦਕਿ ਪਿਛਲੇ ਸਾਲ ਇਸੇ ਸਮੇਂ ਆਲੂ 10 ਤੋਂ 11 ਰੁਪਏ ਪ੍ਰਤੀ ਕਿਲੋ ਦੇ ਭਾਅ ਨਾਲ ਵਿਕ ਰਿਹਾ ਸੀ। ਇਸ ਵੱਡੇ ਅੰਤਰ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਘਾਟਾ ਝੱਲਣਾ ਪੈ ਰਿਹਾ ਹੈ ਅਤੇ ਬਹੁਤੇ ਕਿਸਾਨ ਕਰਜ਼ੇ ਦੇ ਬੋਝ ਹੇਠ ਆ ਗਏ ਹਨ।
ਪਿੰਡ ਰਾਜੇਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਵਪਾਰੀਆਂ ਵੱਲੋਂ ਉਨ੍ਹਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਆਲੂ ਦੀ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ। ਵਪਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਵਧੀਆ ਭਾਅ ਮਿਲੇਗਾ, ਪਰ ਹੁਣ ਜਦੋਂ ਫਸਲ ਤਿਆਰ ਹੋ ਗਈ ਹੈ ਤਾਂ ਵਪਾਰੀ ਖਰੀਦਣ ਤੋਂ ਕੱਤਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਵਪਾਰੀ ਤਾਂ ਉਨ੍ਹਾਂ ਦੇ ਫੋਨ ਤੱਕ ਨਹੀਂ ਚੁੱਕ ਰਹੇ ਅਤੇ ਕੁਝ ਨੇ ਤਾਂ ਨੰਬਰ ਹੀ ਬਲੈਕਲਿਸਟ ਕਰ ਦਿੱਤੇ ਹਨ।
ਇਸ ਸਥਿਤੀ ਕਾਰਨ ਕਿਸਾਨ ਮਾਨਸਿਕ ਤੌਰ ’ਤੇ ਵੀ ਬਹੁਤ ਪਰੇਸ਼ਾਨ ਹਨ। ਘਰ ਦੀਆਂ ਜ਼ਰੂਰਤਾਂ, ਬੱਚਿਆਂ ਦੀ ਪੜ੍ਹਾਈ, ਕਰਜ਼ਿਆਂ ਦੀ ਅਦਾਇਗੀ ਅਤੇ ਆਉਣ ਵਾਲੀ ਫਸਲ ਲਈ ਬੀਜ ਤੇ ਖਾਦ ਖਰੀਦਣ ਦੀ ਚਿੰਤਾ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਮਦਦ ਨਾ ਮਿਲੀ ਤਾਂ ਬਹੁਤੇ ਪਰਿਵਾਰ ਆਰਥਿਕ ਤਬਾਹੀ ਦੇ ਕੰਢੇ ਪਹੁੰਚ ਜਾਣਗੇ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਅੰਮ੍ਰਿਤ ਸਿੰਘ ਬੈਨੀਪਾਲ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੂੰ 10 ਤੋਂ 11 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲਿਆ ਸੀ, ਪਰ ਇਸ ਸਾਲ ਮੀਂਹ ਨੇ ਲਗਭਗ 50 ਫੀਸਦੀ ਫਸਲ ਖਰਾਬ ਕਰ ਦਿੱਤੀ ਹੈ ਅਤੇ ਜੋ ਫਸਲ ਬਚੀ ਹੈ, ਉਸਦਾ ਰੇਟ ਵੀ ਸਿਰਫ਼ 4 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਪਾਰੀ ਮਾਫੀਆ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਆਪਸ ਵਿੱਚ ਮਿਲ ਕੇ ਇੱਕੋ ਰੇਟ ਲਗਾ ਰਹੇ ਹਨ, ਜਿਸ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਸਿੱਧੀ ਤਰ੍ਹਾਂ ਕਿਸਾਨਾਂ ਨਾਲ ਧੋਖਾ ਹੈ। ਸਰਕਾਰ ਨੂੰ ਤੁਰੰਤ ਦਖਲ ਦੇ ਕੇ ਆਲੂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨਾ ਚਾਹੀਦਾ ਹੈ, ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦੇ ਅਨੁਸਾਰ ਭਾਅ ਮਿਲ ਸਕੇ। ਨਾਲ ਹੀ ਮੀਂਹ ਕਾਰਨ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਲੂ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਕੀਤੇ ਜਾਣ, ਵਪਾਰੀਆਂ ਦੀ ਮਨਮਾਨੀ ’ਤੇ ਰੋਕ ਲਗਾਈ ਜਾਵੇ ਅਤੇ ਨੁਕਸਾਨ ਦੀ ਭਰਪਾਈ ਲਈ ਤੁਰੰਤ ਆਰਥਿਕ ਮਦਦ ਦਿੱਤੀ ਜਾਵੇ, ਤਾਂ ਜੋ ਕਿਸਾਨ ਇਸ ਸੰਕਟ ਤੋਂ ਬਾਹਰ ਨਿਕਲ ਸਕਣ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਆਲੂ ਦੀ ਖੇਤੀ ਛੱਡਣ ਲਈ ਮਜਬੂਰ ਹੋ ਜਾਣਗੇ, ਜਿਸ ਦਾ ਅਸਰ ਸਾਰੀ ਖੇਤੀ ਪ੍ਰਣਾਲੀ ’ਤੇ ਪਵੇਗਾ।