ਆਲੂ ਖੇਤੀ ਨੇ ਲਵਾਏ ਕੰਨਾਂ ਨੂੰ ਹੱਥ ! ਕਿਸਾਨ ਸਰਕਾਰ ਤੋਂ ਕਰ ਰਹੇ ਇਹ ਮੰਗ…
Punjab News: ਜ਼ਿਲ੍ਹਾ ਕਪੂਰਥਲਾ ਸਬਜ਼ੀਆਂ ਦੇ ਉਤਪਾਦਨ ਦਾ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਇੱਥੇ ਹਰ ਸਾਲ ਵੱਡੇ ਪੱਧਰ ‘ਤੇ ਆਲੂ ਦੀ ਖੇਤੀ ਕੀਤੀ ਜਾਂਦੀ ਹੈ। ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਫਸਲ ਨਾਲ ਜੁੜੀ ਹੋਈ ਹੈ ਪਰ ਇਸ ਵਾਰ ਬਾਜ਼ਾਰ ਵਿੱਚ ਵਾਜਬ ਕੀਮਤਾਂ ਨਾ ਮਿਲਣ ਕਾਰਨ ਕਿਸਾਨ ਗੰਭੀਰ ਚਿੰਤਾ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੀਜ, ਖਾਦ, ਦਵਾਈਆਂ ਅਤੇ ਡੀਜ਼ਲ ਦੇ ਭਾਅ ਲਗਾਤਾਰ ਵੱਧ ਰਹੇ ਹਨ। ਜਿਸ ਨਾਲ ਲਾਗਤ ਕਾਫ਼ੀ ਵਧ ਗਈ ਹੈ ਪਰ ਮੰਡੀ ਵਿੱਚ ਚੱਲ ਰਹੀਆਂ ਆਲੂ ਦੀਆਂ ਕੀਮਤਾਂ ਉਸ ਲਾਗਤ ਨੂੰ ਵੀ ਪੂਰਾ ਨਹੀਂ ਕਰ ਰਹੀਆਂ। ਕਈ ਕਿਸਾਨਾਂ ਨੂੰ ਆਪਣੀ ਫਸਲ ਘੱਟ ਭਾਅ ‘ਤੇ ਵੇਚਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਦਕਿ ਕੁਝ ਕਿਸਾਨ ਕੋਲਡ ਸਟੋਰਾਂ ਵਿੱਚ ਸਟੋਰੇਜ ਦੀ ਉੱਚੀ ਫੀਸ ਦੇ ਕਾਰਨ ਫਸਲ ਸੰਭਾਲਣ ਤੋਂ ਵੀ ਹਿਚਕਿਚਾ ਰਹੇ ਹਨ।
ਕਿਸਾਨਾਂ ਨੇ ਮੰਗ ਕੀਤੀ ਕਿ ‘ਸਰਕਾਰ ਤੁਰੰਤ ਆਲੂ ਦੀ ਐਕਸਪੋਰਟ (ਨਿਰਯਾਤ) ਖੋਲ੍ਹੇ ਤਾਂ ਜੋ ਵਾਧੂ ਉਤਪਾਦਨ ਨੂੰ ਬਾਹਰੀ ਬਾਜ਼ਾਰ ਮਿਲ ਸਕੇ ਅਤੇ ਕੀਮਤਾਂ ਵਿੱਚ ਸੁਧਾਰ ਆ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਲੂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਲਾਗੂ ਕਰਨ ਦੀ ਵੀ ਮੰਗ ਕੀਤੀ, ਤਾਂ ਜੋ ਕਿਸਾਨਾਂ ਨੂੰ ਆਪਣੀ ਲਾਗਤ ਦਾ ਯੋਗ ਮੁਆਵਜ਼ਾ ਮਿਲ ਸਕੇ ਅਤੇ ਉਹ ਆਰਥਿਕ ਤੌਰ ‘ਤੇ ਸੰਭਲ ਸਕਣ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਕੋਈ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਸੀਜ਼ਨ ਵਿੱਚ ਆਲੂ ਦੀ ਬਿਜਾਈ ਘਟ ਸਕਦੀ ਹੈ। ਜਿਸ ਦਾ ਅਸਰ ਸਥਾਨਕ ਅਰਥਵਿਵਸਥਾ ਅਤੇ ਮਜ਼ਦੂਰ ਵਰਗ ਉੱਤੇ ਵੀ ਪਵੇਗਾ।’
ਕਿਸਾਨਾਂ ਨੂੰ ਨਹੀਂ ਮਿਲ ਰਿਹਾ ਵਾਜਬ ਮੁੱਲ
ਆਲੂ ਕਿਸਾਨਾਂ ਨੇ ਕਿਹਾ ਕਿ ‘ਇਸ ਵਾਰ ਜ਼ਿੰਮੀਦਾਰ ਨੂੰ ਕੋਈ ਵੀ ਬਚਤ ਨਹੀਂ ਹੋ ਰਹੀ। ਸਰਕਾਰ ਤੋਂ ਅਪੀਲ ਹੈ ਕਿ ਸਰਕਾਰ ਨੂੰ ਐਕਸਪੋਰਟ ਦਾ ਹਲ ਕਰਨਾ ਚਾਹੀਦਾ ਹੈ, ਜੇਕਰ ਐਕਸਪੋਰਟ ਖੋਲ੍ਹੀ ਜਾਂਦੀ ਹੈ ਤਾਂ ਜ਼ਿੰਮੀਦਾਰ ਨੂੰ ਫਾਇਦਾ ਹੋਵੇਗਾ। ਨਹੀਂ ਤਾਂ ਕੋਈ ਬਚਤ ਨਾ ਹੋਣ ਕਾਰਨ ਕਿਸਾਨਾਂ ਨੂੰ ਘਾਟਾ ਹੀ ਝਲਣਾ ਪੈ ਰਿਹਾ ਹੈ ਅਤੇ ਕਿਸਾਨ ਆਲੂ ਦੀ ਖੇਤੀ ਤੋਂ ਗੁਰੇਜ਼ ਕਰਨ ਲੱਗ ਜਾਣਗੇ।’ ਉਥੇ ਹੀ ਇਲਾਕੇ ਦੇ ਆੜਤੀਆਂ ਅਤੇ ਵਪਾਰੀਆਂ ਮੁਤਾਬਕ ਬਾਜ਼ਾਰ ਵਿੱਚ ਵੱਧ ਆਮਦ ਅਤੇ ਬਾਹਰੀ ਰਾਜਾਂ ਤੋਂ ਆਈ ਸਪਲਾਈ ਕਾਰਨ ਕੀਮਤਾਂ ਡਿੱਗੀਆਂ ਹੋਈਆਂ ਹਨ, ਜਿਸ ਦਾ ਸਭ ਤੋਂ ਵੱਡਾ ਨੁਕਸਾਨ ਸਿੱਧਾ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ।
ਕਿਸਾਨਾਂ ਮੁਤਾਬਿਕ ‘ਆਲੂ ਦੀ ਫਸਲ ਨਾਲ ਪਏ ਘਾਟੇ ਨੂੰ ਆਲੂ ਦੀ ਫਸਲ ਹੀ ਪੂਰਾ ਕਰ ਸਕਦੀ ਹੈ ਜੇਕਰ ਅਗਲੇ ਸਾਲ ਰੇਟ ਵੱਧ ਜਾਂਦਾ ਹੈ। ਅਸੀਂ ਪਹਿਲਾਂ ਹੀ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਾਂ ਅਤੇ ਹੁਣ ਆਲੂ ਦੀ ਫਸਲ ਤੋਂ ਖਹਿੜਾ ਛੁਡਾਉਣ ਲਈ ਮਜਬੂਰ ਹੋ ਜਾਵਾਂਗੇ।’ ਆਲੂ ਉਤਪਾਦਕਾਂ ਮੁਤਾਬਕ ਅਜੇ ਤੱਕ ਪੁਰਾਣਾ ਆਲੂ ਵੀ ਵਿਕਿਆ ਨਹੀਂ ਅਤੇ ਨਵੇਂ ਦਾ ਵੀ ਬਹੁਤ ਘੱਟ ਰੇਟ ਮਿਲ ਰਿਹਾ ਹੈ।’
ਆਲੂ ਦੇ ਰੇਟਾਂ ਵਿੱਚ ਵੱਡੀ ਗਿਰਾਵਟ
ਜ਼ਿਕਰਯੋਗ ਹੈ ਕਿ ਇਸ ਵਾਰ ਆਲੂ ਦੇ ਰੇਟ ਵਿੱਚ ਵੱਡੀ ਗਿਰਾਵਟ ਆਈ ਹੈ ਅਤੇ ਪਿਛਲੇ ਸਾਲ ਨਾਲੋਂ ਅੱਧੀ ਕੀਮਤ ‘ਤੇ ਮੰਡੀ ਵਿੱਚ ਵਿਕ ਰਿਹਾ ਹੈ। ਪਿਛਲੇ ਸਾਲ ਆਲੂ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਪਰ ਇਸ ਵਾਰ ਆਲੂ 180 ਰੁਪਏ ਤੋਂ 230 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ। ਜਿਸ ਕਾਰਨ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ ਹੈ। ਭਾਵੇਂ ਮੰਡੀ ਵਿੱਚ ਨਵੇਂ ਆਲੂ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਘੱਟ ਰੇਟ ਦੇ ਬਾਵਜੂਦ ਵੀ ਖਰੀਦਦਾਰ ਆਲੂ ਦੀ ਖਰੀਦ ਬਹੁਤ ਘੱਟ ਕਰ ਰਹੇ ਹਨ।