ਗੁਰਵਿੰਦਰ ਸਿੰਘ ਕਤਲ ਮਾਮਲਾ, ਪਤਨੀ ਸਣੇ 4 ਖ਼ਿਲਾਫ਼ ਕੋਰਟ ‘ਚ ਚਾਰਜਸ਼ੀਟ ਦਾਖਲ, 48 ਗਵਾਹਾਂ ਦੀ ਸੂਚੀ ਸੌਂਪੀ
ਫਰੀਦਕੋਟ ਜ਼ਿਲ੍ਹਾ ਪੁਲਿਸ ਨੇ ਪਿੰਡ ਸੁਖਾਂਵਾਲਾ ਵਿੱਚ ਹੋਏ ਲਗਭਗ ਤਿੰਨ ਮਹੀਨੇ ਪੁਰਾਣੇ ਗੁਰਵਿੰਦਰ ਸਿੰਘ ਕਤਲ ਕੇਸ ਵਿੱਚ ਮ੍ਰਿਤਕ ਦੀ ਪਤਨੀ ਸਮੇਤ ਚਾਰ ਮੁਲਜ਼ਮਾਂ ਵਿਰੁੱਧ ਜੇਐਮਆਈਸੀ ਅਦਾਲਤ ਵਿੱਚ 240 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। 85 ਦਿਨਾਂ ਵਿੱਚ ਜਾਂਚ ਪੂਰੀ ਕਰਦੇ ਹੋਏ ਪੁਲਿਸ ਨੇ 48 ਗਵਾਹਾਂ ਦੀ ਸੂਚੀ ਵੀ ਅਦਾਲਤ ਵਿੱਚ ਪੇਸ਼ ਕੀਤੀ ਹੈ।
ਇਸ ਮਾਮਲੇ ਵਿੱਚ ਸਦਰ ਫਰੀਦਕੋਟ ਪੁਲਿਸ ਨੇ ਰੁਪਿੰਦਰ ਕੌਰ, ਉਸਦੇ ਪ੍ਰੇਮੀ ਹਰਕੰਵਲਪ੍ਰੀਤ ਸਿੰਘ (ਵਾਸੀ ਪਿੰਡ ਬੱਲੂਆਣਾ, ਬਠਿੰਡਾ), ਉਸਦੇ ਦੋਸਤ ਵਿਸ਼ਵਜੀਤ ਕੁਮਾਰ (ਵਾਸੀ ਮੰਡੀ ਡੱਬਵਾਲੀ, ਹਰਿਆਣਾ) ਅਤੇ ਰੁਪਿੰਦਰ ਦੀ ਦੋਸਤ ਵੀਰਿੰਦਰ ਕੌਰ (ਵਾਸੀ ਫਰੀਦਕੋਟ) ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰੇ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹਨ।
ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਮੁਤਾਬਕ ਰੁਪਿੰਦਰ ਕੌਰ ਤੇ ਹਰਕੰਵਲਪ੍ਰੀਤ ਸਿੰਘ ਦੇ ਨਾਜਾਇਜ ਸਬੰਧਾਂ ਦੇ ਚੱਲਦਿਆਂ ਸਾਜਿਸ਼ ਰਚ ਕੇ ਗੁਰਵਿੰਦਰ ਸਿੰਘ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ। ਇਹ ਘਟਨਾ 28 ਨਵੰਬਰ, 2025 ਦੀ ਰਾਤ ਦੀ ਹੈ। ਗੁਰਵਿੰਦਰ ਸਿੰਘ ਦੀ ਮੌਤ ਉਸ ਰਾਤ ਸ਼ੱਕੀ ਹਾਲਾਤਾਂ ਵਿੱਚ ਉਸਦੇ ਘਰ ਵਿੱਚ ਹੋਈ ਸੀ ਅਤੇ ਉਸਦੀ ਲਾਸ਼ ਛੱਤ ਤੋਂ ਮਿਲੀ ਸੀ।
ਉਸਦੀ ਪਤਨੀ, ਰੁਪਿੰਦਰ ਕੌਰ ਨੇ ਸਭ ਤੋਂ ਪਹਿਲਾਂ ਪਰਿਵਾਰ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਵਿਆਹੁਤਾ ਭੈਣ ਮਨਵੀਰ ਕੌਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਸ਼ੁਰੂ ਵਿੱਚ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ। ਬਾਅਦ ਵਿੱਚ, ਜਾਂਚ ਦੌਰਾਨ ਹਰਕੰਵਲਪ੍ਰੀਤ ਸਿੰਘ, ਵਿਸ਼ਵਜੀਤ ਕੁਮਾਰ ਅਤੇ ਵੀਰਿੰਦਰ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮਾਂ ਨੇ ਪਹਿਲਾਂ ਗੁਰਵਿੰਦਰ ਸਿੰਘ ਨੂੰ ਨਸ਼ੀਲੀ ਦਵਾਈ ਦੇ ਕੇ ਮਾਰਨ ਦ ਪਲਾਨ ਬਣਾਇਆ ਸੀ ਪਰ ਇਸ ਵਿਚ ਸਫਲ ਨਾ ਹੋਣ ‘ਤੇ ਗਲਾ ਘੁਟ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਜਨਵਰੀ 2025 ਵਿੱਚ ਕੈਨੇਡਾ ਤੋਂ ਵਾਪਸ ਆਈ ਰੁਪਿੰਦਰ ਕੌਰ ਦਾ ਹਰਕੰਵਲਪ੍ਰੀਤ ਸਿੰਘ ਨਾਲ ਸਬੰਧ ਸਨ ਤੇ ਦੋਵੇਂ ਪਰਿਵਾਰ ਤੋਂ ਲੁਕ ਕੇ ਮਿਲਦੇ ਸਨ।
ਉਸ ਦੀ ਸਹੇਲੀ ਵੀਰਿੰਦਰ ਕੌਰ ਵੀ ਇਸ ਰਿਸ਼ਤੇ ਤੋਂ ਜਾਣੂ ਸੀ ਅਤੇ ਕਥਿਤ ਤੌਰ ‘ਤੇ ਸਾਜ਼ਿਸ਼ ਵਿੱਚ ਸਹਾਇਤਾ ਕੀਤੀ ਸੀ। ਘਟਨਾ ਵਾਲੀ ਰਾਤ, ਹਰਕੰਵਲਪ੍ਰੀਤ ਸਿੰਘ ਆਪਣੇ ਦੋਸਤ ਵਿਸ਼ਵਜੀਤ ਕੁਮਾਰ ਦੇ ਨਾਲ ਇੱਕ ਕਾਰ ਵਿੱਚ ਰੁਪਿੰਦਰ ਦੇ ਘਰ ਪਹੁੰਚਿਆ ਅਤੇ ਇੱਕ ਪਹਿਲਾਂ ਤੋਂ ਯੋਜਨਾਬੱਧ ਯੋਜਨਾ ਮੁਤਾਬਕ ਅਪਰਾਧ ਨੂੰ ਅੰਜਾਮ ਦਿੱਤਾ ਗਿਆ। ਹੁਣ, ਅਦਾਲਤ ਵਿੱਚ ਚਾਰਜਸ਼ੀਟ ਦਾਇਰ ਹੋਣ ਦੇ ਨਾਲ ਮਾਮਲੇ ਦੀ ਸੁਣਵਾਈ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।