ਹੁਣ ‘ਆਪ’ ਸਰਕਾਰ ਨੇ ਵੀ ਰਾਜਸਥਾਨ ਤੋਂ ਲਵਾਈਆਂ ਬੱਸਾਂ ਦੀਆਂ ਬਾਡੀਆਂ, ਕਿੰਨੀ ਮਿਲੀ ਕਮਿਸ਼ਨ?: ਸੁਖਪਾਲ ਖਹਿਰਾ
Punjab News: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੀ. ਆਰ. ਟੀ. ਸੀ. ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਬੱਸਾਂ ਨੂੰ ਪਾਰਟੀ ਨੇ ਆਪਣੇ ਰੰਗ (ਨੀਲੇ ਤੇ ਪੀਲੇ ਰੰਗ) ਵਿਚ ਰੰਗਵਾਇਆ ਹੈ।
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕਾਂਗਰਸ ਸਰਕਾਰ ਵੇਲੇ ਜੈਪੁਰ ਦੀ ਇਕ ਨਿਜੀ ਫਰਮ ਤੋਂ ਬੱਸਾਂ ਦੀਆਂ ਬਾਡੀਆਂ ਲਵਾਏ ਜਾਣ ਦਾ ਮਜ਼ਾਕ ਉਡਾਉਂਦੇ ਸਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਪੀ. ਆਰ. ਟੀ. ਸੀ. ਬੱਸਾਂ ਦੀਆਂ ਬਾਡੀਆਂ ਰਾਜਸਥਾਨ ਤੋਂ ਲਵਾਈਆਂ ਹਨ। ਉਨ੍ਹਾਂ ਕਿਹਾ ਕਿ ‘ਬਦਲਾਅ ਵਾਲਿਆਂ’ ਨੇ ਇਕ ਕਦਮ ਹੋਰ ਅੱਗੇ ਵਧਾ ਕੇ ਇਨ੍ਹਾਂ ਬੱਸਾਂ ਨੂੰ ‘ਆਪ’ ਦੇ ਆਪਣੇ ਰੰਗ ਵਿਚ ਰੰਗਿਆ ਹੈ। ਖਹਿਰਾ ਨੇ ਸਵਾਲ ਚੁੱਕਿਆ ਕਿ ਹੁਣ ਪੰਜਾਬ ਨੂੰ ਧੋਖਾ ਕੌਣ ਦੇ ਰਿਹਾ ਹੈ ਤੇ ਇਨ੍ਹਾਂ ਬੱਸਾਂ ਦੀਆਂ ਬਾਡੀਆਂ ਦੇ ਲਈ ਕਿੰਨੀ ਕਮਿਸ਼ਨ ਮਿਲੀ ਹੈ?
ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਪੀ. ਆਰ. ਟੀ. ਸੀ. ਬੱਸ ‘ਤੇ ਲੱਗੇ ਸਟਿਕਰ ਦੀ ਫੋਟੋ ਪਾਈ ਹੈ, ਜਿਸ ਉੱਪਰ ਇਕ ਫ਼ਰਮ ਦਾ ਨਾਂ ਲਿਖਿਆ ਹੋਇਆ ਹੈ ਤੇ ਨਾਲ ਹੀ ਕੁਝ ਹੋਰ ਤਸਵੀਰਾਂ ਸਾਂਝੀਆਂ ਕਰਦਿਆਂ ਉਸ ਫ਼ਰਮ ਦਾ ਪਤਾ ਸਾਂਝਾ ਕੀਤਾ ਹੈ, ਜੋ ਕਿ ਰਾਜਸਥਾਨ ਦਾ ਹੈ।