ਬਠਿੰਡਾ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ! ਡਰੱਗ ਇੰਸਪੈਕਟਰ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Bathinda Vigilance Bureau; ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਮਿਲੀ ਸੀ ਕਿ ਡਰੱਗ ਇੰਸਪੈਕਟਰ ਵੱਲੋਂ ਦੋ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਟਰੈਪ ਲਗਾਇਆ ਅਤੇ ਅੱਜ ਉਸ ਨੂੰ ਇੱਕ ਲੱਖ ਰੁਪਏ ਲੈਂਦੇ ਸਮੇਂ ਸਰਕਾਰੀ ਗੱਡੀ ਵਿੱਚੋਂ ਹੀ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਡਰੱਗ ਇੰਸਪੈਕਟਰ ਰਮਨ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਸ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।
ਸ਼ਿਕਾਇਤਕਰਤਾ ਰੋਮੀ ਬੰਸਲ ਨੇ ਦੱਸਿਆ ਕਿ ਉਸ ਦੀ ਬਠਿੰਡਾ ਦੇ 400 ਕਿਲ੍ਹਾ ਇੰਡਸਟਰੀਅਲ ਏਰੀਆ ਵਿੱਚ ਦਵਾਈਆਂ ਬਣਾਉਣ ਦੀ ਫੈਕਟਰੀ ਹੈ। ਉਸ ਮੁਤਾਬਕ ਡਰੱਗ ਇੰਸਪੈਕਟਰ ਕਾਫੀ ਸਮੇਂ ਤੋਂ ਉਸ ਨੂੰ ਤੰਗ ਕਰ ਰਿਹਾ ਸੀ ਅਤੇ ਉਸ ਦੀ ਫੈਕਟਰੀ ਨੂੰ ਸੀਲ ਵੀ ਕਰ ਦਿੱਤਾ ਸੀ। ਉਸ ਨੇ ਦੋਸ਼ ਲਗਾਇਆ ਕਿ ਫੈਕਟਰੀ ਖੁਲ੍ਹਣ ਤੋਂ ਬਾਅਦ ਵੀ ਡਰੱਗ ਇੰਸਪੈਕਟਰ ਵੱਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਹਿੱਸੇਦਾਰੀ ਦੀ ਗੱਲ ਵੀ ਕੀਤੀ ਗਈ।
ਰੋਮੀ ਬੰਸਲ ਨੇ ਕਿਹਾ ਕਿ ਇਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਫੈਕਟਰੀ ਵਿੱਚ ਕੰਮ ਕਰਦੇ ਲਗਭਗ 30 ਮੁਲਾਜ਼ਮਾਂ ‘ਤੇ ਵੀ ਇਸ ਦਾ ਬੁਰਾ ਅਸਰ ਪਿਆ। ਉਸ ਨੇ ਮੰਗ ਕੀਤੀ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਕਿਉਂਕਿ ਉਸ ਦੇ ਮੁਤਾਬਕ ਇਹ ਡਰੱਗ ਇੰਸਪੈਕਟਰ ਹੋਰ ਕਈ ਫੈਕਟਰੀਆਂ ਵਿੱਚ ਵੀ ਆਪਣਾ ਹਿੱਸਾ ਪਾ ਰਿਹਾ ਸੀ।
ਵਿਜੀਲੈਂਸ ਟੀਮ ਵੱਲੋਂ ਮੁਲਜ਼ਮ ਕੋਲੋਂ ਇੱਕ ਲੱਖ ਰੁਪਏ ਬਰਾਮਦ ਕਰਕੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।