”ਪੰਜਾਬ ਦਾ ਬਜਟ ਜੜ੍ਹਾਂ ਖੋਦਣ ਵਾਲਾ”, ਸੁਨੀਲ ਜਾਖੜ ਦਾ ‘AAP’ ‘ਤੇ ਤਿੱਖਾ ਹਮਲਾ
Sunil Jakha; ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਸਰਕਾਰ ਦੇ ਬਜਟ ਨੂੰ “ਪੰਜਾਬ ਦੀਆਂ ਜੜ੍ਹਾਂ ਖੋਦਣ ਵਾਲਾ ਬਜਟ” ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਹ ਪ੍ਰਤੀਕਿਰਿਆ ਬਰਨਾਲਾ ਵਿੱਚ 14 ਮਾਰਚ ਨੂੰ ਹੋਣ ਵਾਲੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸਬੰਧੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਹੋਰ ਪਾਰਟੀ ਵਰਕਰ ਵੀ ਮੌਜੂਦ ਸਨ।
ਜਾਖੜ ਨੇ ਕਿਹਾ ਕਿ ਪੰਜਾਬ ਉੱਤੇ ਸਾਢੇ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗੱਲ ਕਰ ਰਹੀ ਹੈ, ਪਰ ਇਸ ਲਈ ਪੈਸਾ ਕਿੱਥੋਂ ਆਵੇਗਾ? ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬਜਟ ਨੂੰ “ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ” ਕਹਿਣ ’ਤੇ ਜਾਖੜ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਬਜਟ ਅਸਲ ਵਿੱਚ ਪੰਜਾਬ ਦੀਆਂ ਜੜ੍ਹਾਂ ਉਖਾੜਣ ਵਾਲਾ ਹੈ।
ਭਾਜਪਾ ਉਪ ਪ੍ਰਧਾਨ ਬੋਲੇ – ਪੈਸਾ ਨਹੀਂ, ਗਾਰੰਟੀਆਂ ਕਿਵੇਂ ਪੂਰੀਆਂ ਹੋਣਗੀਆਂ
ਇਸ ਮੌਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੰਜਾਬੀ ਕਹਾਵਤ “ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ” ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਕੋਲ ਪੈਸਾ ਹੀ ਨਹੀਂ ਹੈ, ਫਿਰ ਗਾਰੰਟੀਆਂ ਕਿਵੇਂ ਪੂਰੀਆਂ ਹੋਣਗੀਆਂ।
ਢਿੱਲੋਂ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹੁਤ ਹੀ ਖ਼ਰਾਬ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਰਾਜ ’ਤੇ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਵੀ ਉੱਪਰ ਚਲਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਹਰ ਮੋਰਚੇ ’ਤੇ ਨਾਕਾਮ ਸਾਬਤ ਹੋ ਰਹੀ ਹੈ।
ਮੋਗਾ ਦੀ ਰੈਲੀ ਵਿੱਚ ਸ਼ਾਮਲ ਹੋਣਗੇ ਅਮਿਤ ਸ਼ਾਹ
ਸੁਨੀਲ ਜਾਖੜ ਨੇ ਦੱਸਿਆ ਕਿ 14 ਮਾਰਚ ਨੂੰ ਮੋਗਾ ਵਿੱਚ ਭਾਜਪਾ ਦੀ ਇਕ ਵਿਸ਼ਾਲ ਰੈਲੀ ਕਰਵਾਈ ਜਾ ਰਹੀ ਹੈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ। ਇਸ ਰੈਲੀ ਨੂੰ ਲੈ ਕੇ ਅੱਜ ਬਰਨਾਲਾ ਜ਼ਿਲ੍ਹੇ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ ਗਈ।
ਜਾਖੜ ਨੇ ਕਿਹਾ ਕਿ ਭਾਜਪਾ ਲਈ ਇਹ ਇਕ ਇਤਿਹਾਸਕ ਰੈਲੀ ਹੋਵੇਗੀ ਅਤੇ ਪੰਜਾਬ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਆ ਰਹੇ ਹਨ, ਕਿਉਂਕਿ ਹੁਣ ਪੰਜਾਬ ਦੇ ਲੋਕਾਂ ਲਈ ਭਾਜਪਾ ਹੀ ਇਕੱਲੀ ਉਮੀਦ ਬਚੀ ਹੈ।