ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 400 ਦੇ ਕਰੀਬ ਗੁੰਮ ਮੋਬਾਈਲ ਲੱਭ ਕੇ ਮਾਲਕਾਂ ਨੂੰ ਕੀਤੇ ਵਾਪਸ
Latest News: ਅੰਮ੍ਰਿਤਸਰ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਅੰਮ੍ਰਿਤਸਰ ਪੁਲਿਸ ਨੇ ਕਰੀਬ 400 ਗੁੰਮ ਹੋਏ ਮੋਬਾਈਲ ਫੋਨ ਰਿਕਵਰ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ। ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਟਰੈਕ ਕਰਕੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 85 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਕਮਿਊਨਿਟੀ ਰਿਲੇਸ਼ਨ ਅਤੇ ਪਬਲਿਕ ਦੀ ਮਦਦ ਨੂੰ ਕਾਫੀ ਅਹਿਮੀਅਤ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਦੋ ਵਾਰ ਪ੍ਰੋਗਰਾਮ ਕਰਕੇ ਪਹਿਲਾਂ 100 ਅਤੇ ਫਿਰ 200 ਮੋਬਾਈਲ ਫੋਨ ਉਹਨਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ, ਜਦਕਿ ਅੱਜ ਕਰੀਬ 400 ਮੋਬਾਈਲ ਫੋਨ ਵਾਪਸ ਕੀਤੇ ਜਾ ਰਹੇ ਹਨ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੋਬਾਈਲ ਗੁੰਮ ਹੋਣ ਨਾਲ ਲੋਕਾਂ ਨੂੰ ਸਿਰਫ ਫੋਨ ਦੀ ਕੀਮਤ ਦਾ ਹੀ ਨਹੀਂ, ਸਗੋਂ ਉਸ ਵਿੱਚ ਮੌਜੂਦ ਡੇਟਾ ਦਾ ਵੀ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਡੇਟਾ ਬੇਮੁੱਲ ਹੁੰਦਾ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਜਦੋਂ ਵੀ ਮੋਬਾਈਲ ਗੁੰਮ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਮੋਬਾਈਲਾਂ ਨੂੰ ਟਰੈਕ ਕਰਨ ਲਈ ਕੇਂਦਰ ਸਰਕਾਰ ਦੇ CEIR ਪੋਰਟਲ ਦੀ ਮਦਦ ਲਈ ਗਈ, ਜਿਸ ਰਾਹੀਂ ਪੈਨ ਇੰਡੀਆ ਪੱਧਰ ‘ਤੇ ਮੋਬਾਈਲਾਂ ਨੂੰ ਟਰੈਕ ਕੀਤਾ ਜਾ ਸਕਦਾ ਹੈ।
ਇਸ ਤਹਿਤ ਕਈ ਮੋਬਾਈਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਹੋਰ ਸੂਬਿਆਂ ਤੋਂ ਵੀ ਬਰਾਮਦ ਕੀਤੇ ਗਏ ਹਨ। ਰਿਕਵਰ ਕੀਤੇ ਮੋਬਾਈਲਾਂ ਵਿੱਚ 13 ਆਈਫੋਨ ਅਤੇ 387 ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਫੋਨ ਸ਼ਾਮਲ ਹਨ। ਇਹ ਸਾਰੇ ਮੋਬਾਈਲ ਸਾਈਬਰ ਪੁਲਿਸ ਸਟੇਸ਼ਨ ਸਮੇਤ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਵੱਲੋਂ ਟਰੈਕ ਕਰਕੇ ਬਰਾਮਦ ਕੀਤੇ ਗਏ।
ਪੁਲਿਸ ਕਮਿਸ਼ਨਰ ਨੇ ਇਸ ਸਫਲ ਕਾਰਵਾਈ ਲਈ ਆਪਣੀ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਟੀਮ ਦੇ ਜਵਾਨਾਂ ਨੇ ਮਿਲ ਕੇ ਇਹ ਮਿਹਨਤ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਹੋ ਜਾਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਨੂੰ ਜਲਦੀ ਟਰੈਕ ਕਰਕੇ ਵਾਪਸ ਕੀਤਾ ਜਾ ਸਕੇ।