ਲਾਈਵ ਸ਼ੋਅ ’ਚ ਗਨ ਕਲਚਰ ਖ਼ਿਲਾਫ਼ ਬੋਲੇ ਬੱਬੂ ਮਾਨ, ਕਿਹਾ- “ਹਥਿਆਰ-ਪਰਚੇ ਗਾਣਿਆਂ ਵਿੱਚ ਚੰਗੇ, ਜੇਲ੍ਹ ’ਚ ਨਹੀਂ”
Punjabi Singer Babbu Mann; ਪੰਜਾਬੀ ਗਾਇਕ Babbu Maan ਗਨ ਕਲਚਰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਈ ਗੀਤ ਗਾ ਚੁੱਕੇ ਹਨ। ਹਾਲਾਂਕਿ ਹੁਣ ਉਹ ਅਜਿਹੇ ਗੀਤ ਗਾਉਣ ਤੋਂ ਪਰਹੇਜ਼ ਕਰਦੇ ਹਨ। ਬੱਬੂ ਮਾਨ ਹੁਣ ਨੌਜਵਾਨਾਂ ਨੂੰ ਹਥਿਆਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।
ਹਾਲ ਹੀ ਵਿੱਚ ਉਨ੍ਹਾਂ ਨੇ Malerkotla ਦੇ ਇੱਕ ਲਾਈਵ ਸ਼ੋਅ ਦੌਰਾਨ ਨੌਜਵਾਨਾਂ ਨੂੰ ਇਹ ਤੱਕ ਕਹਿ ਦਿੱਤਾ ਕਿ ਹਥਿਆਰ ਅਤੇ ਪਰਚੇ ਗਾਣਿਆਂ ਵਿੱਚ ਹੀ ਚੰਗੇ ਲੱਗਦੇ ਹਨ, ਜੇਲ੍ਹ ਵਿੱਚ ਕੋਈ ਅਚਾਰ ਵੀ ਨਹੀਂ ਦਿੰਦਾ। Punjab Police ਨੇ ਇਸ ਕਲਿੱਪ ਨੂੰ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਅਪਲੋਡ ਕਰਕੇ ਬੱਬੂ ਮਾਨ ਨੂੰ ਬ੍ਰਾਂਡ ਐਂਬੈਸਡਰ ਵਜੋਂ ਪੇਸ਼ ਕੀਤਾ ਹੈ।
ਪੁਲਿਸ ਨੇ ਬੱਬੂ ਮਾਨ ਨੂੰ ਇੱਕ ‘ਪੋਜ਼ਿਟਿਵ ਇਨਫਲੂਐਂਸਰ’ ਅਤੇ ਬ੍ਰਾਂਡ ਐਂਬੈਸਡਰ ਵਜੋਂ ਪੇਸ਼ ਕਰਦਿਆਂ ਨੌਜਵਾਨਾਂ ਨੂੰ ਗਨ ਕਲਚਰ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਪੁਲਿਸ ਦਾ ਮਕਸਦ ਨੌਜਵਾਨਾਂ ਨੂੰ ਇਹ ਸਮਝਾਉਣਾ ਹੈ ਕਿ ਅਪਰਾਧ ਦੇ ਰਸਤੇ ’ਤੇ ਚੱਲਣ ਦਾ ਅੰਜਾਮ ਸਿਰਫ਼ ਬਰਬਾਦੀ ਹੁੰਦਾ ਹੈ।
ਐਂਟੀ ਗਨ ਕਲਚਰ ਮੁਹਿੰਮ ਨੂੰ ਕੀਤਾ ਪ੍ਰਮੋਟ
ਬੱਬੂ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਤਾਕਤ ਨੂੰ ਸਿੱਖਿਆ ਅਤੇ ਰਚਨਾਤਮਕ ਕੰਮਾਂ ਵੱਲ ਮੋੜਨ। ਉਨ੍ਹਾਂ ਕਿਹਾ ਕਿ ਅਸਲੀ ਬਹਾਦਰੀ ਸਮਾਜ ਲਈ ਇੱਕ ਮਿਸਾਲ ਬਣਨ ਵਿੱਚ ਹੈ, ਨਾ ਕਿ ਅਪਰਾਧ ਦੀ ਦੁਨੀਆ ਵਿੱਚ ਨਾਮ ਕਮਾਉਣ ਵਿੱਚ। ਪੰਜਾਬ ਪੁਲਿਸ ਨੇ ਇਸ ਕਲਿੱਪ ਰਾਹੀਂ ‘ਐਂਟੀ-ਗਨ ਕਲਚਰ’ ਮੁਹਿੰਮ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਸੂਬੇ ਦੇ ਨੌਜਵਾਨ ਅਪਰਾਧ ਦੀ ਚਮਕ-ਧਮਕ ਤੋਂ ਪ੍ਰਭਾਵਿਤ ਹੋ ਕੇ ਆਪਣਾ ਭਵਿੱਖ ਨਾ ਬਿਗਾੜਨ।
ਪੁਲਿਸ ਨੇ ਸੋਸ਼ਲ ਮੀਡੀਆ ’ਤੇ ਲਿਖੀਆਂ ਇਹ 2 ਅਹਿਮ ਗੱਲਾਂ
ਅਸਲ ਜ਼ਿੰਦਗੀ ਵਿੱਚ ਹਥਿਆਰਾਂ ਤੇ ਪਰਚਿਆਂ ਤੋਂ ਦੂਰ ਰਹੋ: ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਕਲਿੱਪ ਨਾਲ ਲਿਖਿਆ ਕਿ ਇੱਕ ਪੰਜਾਬੀ ਗਾਇਕ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਹੱਤਵਪੂਰਨ ਸੰਦੇਸ਼ ਦਿੰਦਿਆਂ ਕਿਹਾ ਕਿ ਹਥਿਆਰਾਂ ਅਤੇ ਕੇਸ-ਮੁਕੱਦਮਿਆਂ (ਪਰਚਿਆਂ) ਵਾਲੀਆਂ ਗੱਲਾਂ ਗਾਣਿਆਂ ਵਿੱਚ ਹੀ ਚੰਗੀਆਂ ਲੱਗਦੀਆਂ ਹਨ, ਪਰ ਅਸਲ ਜ਼ਿੰਦਗੀ ਵਿੱਚ ਇਹਨਾਂ ਨੂੰ ਨਹੀਂ ਅਪਣਾਉਣਾ ਚਾਹੀਦਾ।
ਆਪਣੀ ਊਰਜਾ ਨੂੰ ਪੋਜ਼ਿਟਿਵ ਫੀਲਡ ਵਿੱਚ ਲਗਾਓ: ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਬੱਬੂ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਊਰਜਾ ਸਿੱਖਿਆ, ਖੇਡਾਂ ਅਤੇ ਚੰਗੇ ਕੰਮਾਂ ਵਿੱਚ ਲਗਾਉਣ। ਨੌਜਵਾਨ ਸਮਾਜ ਲਈ ਇੱਕ ਸਕਾਰਾਤਮਕ ਮਿਸਾਲ ਬਣਨ।