ਦਿਨ-ਦਿਹਾੜੇ ਤਲਵਾਰਾਂ ਨਾਲ ਹਮਲਾ: ਸੈਲੂਨ ‘ਤੇ ਤੋੜਫੋੜ, ਦੁਕਾਨਦਾਰ ਗੰਭੀਰ ਜ਼ਖਮੀ
Latest News: Barnala ਦੇ ਬੱਸ ਸਟੈਂਡ ਰੋਡ ਸਥਿਤ ਮੇਨ ਮਾਰਕੀਟ ਵਿੱਚ ਦਿਨ-ਦਿਹਾੜੇ ਦਹਿਸ਼ਤ ਫੈਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਅਣਪਛਾਤੇ ਹਮਲਾਵਰਾਂ ਨੇ ਇੱਕ ਸੈਲੂਨ ‘ਤੇ ਤਲਵਾਰਾਂ ਨਾਲ ਹਮਲਾ ਕਰਦੇ ਹੋਏ ਤੋੜਫੋੜ ਕੀਤੀ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਇਸ ਹਮਲੇ ਦੌਰਾਨ ਦੁਕਾਨ ਮਾਲਕ ਗੋਰਾ ਸਿੰਘ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਉਸਨੂੰ ਤੁਰੰਤ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਜਾਰੀ ਹੈ। ਡਾਕਟਰਾਂ ਅਨੁਸਾਰ ਉਸਦੇ ਸਿਰ ‘ਤੇ ਗੰਭੀਰ ਚੋਟਾਂ ਲੱਗੀਆਂ ਹਨ।
ਪੂਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜ਼ਖਮੀ ਗੋਰਾ ਸਿੰਘ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ। ਉਸਦੇ ਮੁਤਾਬਕ ਹਮਲਾਵਰਾਂ ਨੇ ਅਚਾਨਕ ਦੁਕਾਨ ਵਿੱਚ ਦਾਖਲ ਹੋ ਕੇ ਹਮਲਾ ਕੀਤਾ, ਤੋੜਫੋੜ ਕੀਤੀ ਅਤੇ ਨਕਦੀ ਲੈ ਕੇ ਭੱਜ ਗਏ।
ਦੁਕਾਨਦਾਰ ਅਤੇ ਚਸ਼ਮਦੀਦ ਗੁਰਦੀਪ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 5-6 ਲੋਕ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਵਿੱਚ ਦਾਖਲ ਹੋਏ। ਗੁਰਦੀਪ ਸਿੰਘ ਦੇ ਅਨੁਸਾਰ ਇਹ ਹਮਲਾ ਉਸਦੇ ਸੈਲੂਨ ਦੀ ਇੱਕ ਲੜਕੀ ਨਾਲ ਹੋਏ ਪਿਛਲੇ ਝਗੜੇ ਦਾ ਨਤੀਜਾ ਸੀ। ਕੱਲ੍ਹ ਉਸਦੇ ਸੈਲੂਨ ਦੀ ਇੱਕ ਲੜਕੀ ਦਾ ਸਕੂਟਰੀ ‘ਤੇ ਜਾਂਦੇ ਸਮੇਂ ਕੁੱਝ ਲੋਕਾਂ ਨਾਲ ਝਗੜਾ ਹੋ ਗਿਆ ਸੀ।
ਗੁਰਦੀਪ ਸਿੰਘ ਨੇ ਕਿਹਾ ਕਿ ਹਮਲਾਵਰ ਅੱਜ ਉਸਦੀ ਦੁਕਾਨ ‘ਤੇ ਹਮਲਾ ਕਰਨ ਆਏ ਸਨ ਪਰ ਕਿਉਂਕਿ ਉਸਦੀ ਦੁਕਾਨ ਬੰਦ ਹੋਣ ਕਰਕੇ ਉਨ੍ਹਾਂ ਨੇ ਨਾਲ ਲੱਗਦੇ ਸੈਲੂਨ (ਗੋਰਾ ਸਿੰਘ ਦੀ ਦੁਕਾਨ) ‘ਤੇ ਹਮਲਾ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਗੁੰਡਾਗਰਦੀ ਦੀਆਂ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਲੋਕਾਂ ਨੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।