ਪੰਜਾਬ ‘ਚ ਮੌਸਮ ਦਾ ਵੱਡਾ ਯੂ-ਟਰਨ, 3 ਦਿਨਾਂ ਲਈ ਯੈਲੋ ਅਲਰਟ ਜਾਰੀ, 10 ਜ਼ਿਲ੍ਹਿਆਂ ‘ਚ ਤੁਫ਼ਾਨ ਦੀ ਸੰਭਾਵਨਾ
Punjab weather update; ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਦੌਰਾਨ ਤੂਫ਼ਾਨ, ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਸਮੇਂ ਹਵਾਵਾਂ ਦੀ ਰਫ਼ਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1.1 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਹੁਣ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ 31.1 ਡਿਗਰੀ ਤਾਪਮਾਨ ਅਨੰਦਪੁਰ ਸਾਹਿਬ ਵਿੱਚ ਦਰਜ ਕੀਤਾ ਗਿਆ ਹੈ।
10 ਜ਼ਿਲ੍ਹਿਆਂ ਵਿੱਚ ਤੁਫ਼ਾਨ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਸਾਰ, ਅੱਜ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ 10 ਜ਼ਿਲ੍ਹਿਆਂ ਵਿੱਚ 50–60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਨਾਲ ਗਰਜ-ਚਮਕ ਹੋ ਸਕਦੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਸ਼ਾਮਲ ਹਨ।
ਨਵਾਂ ਪੱਛਮੀ ਵਿਘਨ ਇਰਾਨ ਦੇ ਨੇੜੇ
ਇਸ ਵੇਲੇ ਪੱਛਮੀ ਵਿਘਨ ਉੱਪਰੀ ਹਵਾਵਾਂ ਵਿੱਚ ਇੱਕ ਟ੍ਰਫ਼ (ਘੱਟ ਦਬਾਅ ਦੀ ਲਕੀਰ) ਦੇ ਰੂਪ ਵਿੱਚ ਮੌਜੂਦ ਹੈ, ਜੋ ਧਰਤੀ ਤੋਂ ਲਗਭਗ 5.8 ਕਿਲੋਮੀਟਰ ਉੱਚਾਈ ‘ਤੇ 76°E ਦੇ ਆਸ-ਪਾਸ ਅਤੇ 32°N ਦੇ ਉੱਤਰ ਵੱਲ ਸਥਿਤ ਹੈ। ਇਸਦੇ ਨਾਲ ਹੀ ਇੱਕ ਨਵਾਂ ਪੱਛਮੀ ਵਿਘਨ ਵੀ ਬਣ ਰਿਹਾ ਹੈ, ਜੋ ਪੱਛਮੀ ਇਰਾਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਉੱਪਰੀ ਹਵਾਵਾਂ ਵਿੱਚ ਚੱਕਰਵਾਤੀ ਸਿਸਟਮ ਵਜੋਂ ਮੌਜੂਦ ਹੈ। ਇਹ ਲਗਭਗ 5.8 ਤੋਂ 7.6 ਕਿਲੋਮੀਟਰ ਦੀ ਉੱਚਾਈ ‘ਤੇ ਸਰਗਰਮ ਹੈ ਅਤੇ ਹੌਲੀ-ਹੌਲੀ ਅੱਗੇ ਵਧੇਗਾ।
ਤਾਪਮਾਨ ਵਿੱਚ ਉਤਾਰ-ਚੜ੍ਹਾਅ ਜਾਰੀ ਰਹੇਗਾ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ, 28 ਮਾਰਚ ਅਤੇ 31 ਮਾਰਚ ਤੋਂ 2 ਅਪ੍ਰੈਲ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ, ਜਦਕਿ 29 ਅਤੇ 30 ਮਾਰਚ ਨੂੰ ਕੁਝ ਥਾਵਾਂ ‘ਤੇ ਬਾਰਿਸ਼ ਹੋ ਸਕਦੀ ਹੈ। ਅਗਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 2 ਤੋਂ 4 ਡਿਗਰੀ ਤੱਕ ਘਟੇਗਾ।
ਇਸ ਤੋਂ ਬਾਅਦ ਅਗਲੇ 2 ਦਿਨਾਂ ਵਿੱਚ ਤਾਪਮਾਨ 2 ਤੋਂ 4 ਡਿਗਰੀ ਵਧ ਸਕਦਾ ਹੈ, ਫਿਰ ਮੁੜ 3 ਤੋਂ 5 ਡਿਗਰੀ ਦੀ ਕਮੀ ਅਤੇ ਫਿਰ 2 ਤੋਂ 4 ਡਿਗਰੀ ਵਾਧੇ ਦੀ ਸੰਭਾਵਨਾ ਹੈ। 28 ਮਾਰਚ ਨੂੰ 30–40 ਕਿਮੀ/ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਗਰਜ-ਚਮਕ ਹੋ ਸਕਦੀ ਹੈ, ਜਦਕਿ 29 ਤੋਂ 30 ਮਾਰਚ ਦਰਮਿਆਨ 40–50 ਕਿਮੀ/ਘੰਟਾ (ਝੋਕੇ 60 ਕਿਮੀ/ਘੰਟਾ ਤੱਕ) ਦੀ ਰਫ਼ਤਾਰ ਨਾਲ ਆੰਧੀ ਅਤੇ ਬਿਜਲੀ ਦੀ ਸੰਭਾਵਨਾ ਹੈ।