ਭਗਵੰਤ ਮਾਨ ਸਰਕਾਰ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 6,000 ਨਵੇਂ ਖੇਡ ਸਟੇਡੀਅਮ ਬਣਾਏਗੀ: ਹਰਪਾਲ ਸਿੰਘ ਚੀਮਾ

Punjab sports initiative; ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੂਬੇ ਭਰ ਵਿੱਚ 6,000 ਨਵੇਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ, ਜੋ ਕਿ ਪਹਿਲਾਂ ਤੋਂ ਬਣੇ 3,000 ਸਟੇਡੀਅਮਾਂ ਵਿੱਚ ਵਾਧਾ ਕਰਨਗੇ। ਉਨ੍ਹਾਂ ਨੇ ਵਿਕਾਸ ਦੀ ਇੱਕ ਵਿਆਪਕ ਰੂਪ-ਰੇਖਾ ਵੀ […]
Jaspreet Singh
By : Published: 10 Apr 2026 21:53:PM
ਭਗਵੰਤ ਮਾਨ ਸਰਕਾਰ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 6,000 ਨਵੇਂ ਖੇਡ ਸਟੇਡੀਅਮ ਬਣਾਏਗੀ: ਹਰਪਾਲ ਸਿੰਘ ਚੀਮਾ

Punjab sports initiative; ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੂਬੇ ਭਰ ਵਿੱਚ 6,000 ਨਵੇਂ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ, ਜੋ ਕਿ ਪਹਿਲਾਂ ਤੋਂ ਬਣੇ 3,000 ਸਟੇਡੀਅਮਾਂ ਵਿੱਚ ਵਾਧਾ ਕਰਨਗੇ। ਉਨ੍ਹਾਂ ਨੇ ਵਿਕਾਸ ਦੀ ਇੱਕ ਵਿਆਪਕ ਰੂਪ-ਰੇਖਾ ਵੀ ਉਲੀਕੀ, ਜਿਸ ਵਿੱਚ ਰਾਜਾ ਸਾਂਸੀ ਵਿਧਾਨ ਸਭਾ ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਕੰਮਾਂ ਲਈ 50 ਕਰੋੜ ਰੁਪਏ ਅਤੇ ਇਤਿਹਾਸਕ ਪਿੰਡ ਲੋਪੋਕੇ ਦੇ ਵਿਕਾਸ ਲਈ 20 ਲੱਖ ਰੁਪਏ ਸ਼ਾਮਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ‘ਤੇ ਸਰਕਾਰ ਦੀ ਲਗਾਤਾਰ ਸਖ਼ਤੀ ਨੂੰ ਵੀ ਦੁਹਰਾਇਆ।

ਅੰਮ੍ਰਿਤਸਰ ਦੇ ਲੋਪੋਕੇ ਵਿਖੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਟੇਡੀਅਮ ਵਿੱਚ ਕਰਵਾਏ ਗਏ ਪਹਿਲੇ ਕਬੱਡੀ ਕੱਪ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਜਿਹੇ ਉਪਰਾਲੇ “ਰੰਗਲੇ ਪੰਜਾਬ” ਦੀ ਸ਼ਾਨ ਬਹਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਅਜਿਹਾ ਸ਼ਲਾਘਾਯੋਗ ਖੇਡ ਸਮਾਗਮ ਕਰਵਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਇੰਚਾਰਜ ਸੋਨੀਆ ਮਾਨ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਖੇਡਾਂ ਦੀ ਭੂਮਿਕਾ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ, “ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ। ਖੇਡਾਂ ਰਾਹੀਂ ਪੰਜਾਬ ਦੇ ਨੌਜਵਾਨ ਇੱਕ ਵਾਰ ਫਿਰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨਗੇ। ਪੰਜਾਬ ਸਰਕਾਰ ਨੇ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਬਜਟ ਵਿੱਚ ਵਿਸ਼ੇਸ਼ ਉਪਬੰਧ ਕੀਤੇ ਹਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੀ ਹੈ।”

ਨਸ਼ਾ ਵਿਰੋਧੀ ਮੁਹਿੰਮ ਬਾਰੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, “ਸਾਡੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਤਹਿਤ ਕਈ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਸਰਕਾਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ ਹੈ।”

ਉਨ੍ਹਾਂ ਅੱਗੇ ਕਿਹਾ, “ਭਗਵੰਤ ਮਾਨ ਸਰਕਾਰ ਅਜਿਹੇ ਖੇਡ ਮੇਲਿਆਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ,” ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਰਾਜਾਸਾਂਸੀ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ‘ਤੇ 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਤਿਹਾਸਕ ਪਿੰਡ ਹੋਣ ਕਰਕੇ ਲੋਪੋਕੇ ਨੂੰ ਵੀ ਇਸ ਦੇ ਵਿਕਾਸ ਲਈ 20 ਲੱਖ ਰੁਪਏ ਮਿਲਣਗੇ।

ਇਸ ਮੌਕੇ ਸੋਨੀਆ ਮਾਨ ਨੇ ਕਿਹਾ, “ਕੈਨੇਡਾ ਦੇ ਪਹਿਲੇ ਸਿੱਖ ਸ਼ਹੀਦ ਅਤੇ ਪਿੰਡ ਲੋਪੋਕੇ ਦੇ ਵਸਨੀਕ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਇੱਕ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੇ ਆਪਣੀ ਕੌਮ ਅਤੇ ਭਾਈਚਾਰੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੈਂ ਉਨ੍ਹਾਂ ਦੀ ਯਾਦ ਵਿੱਚ ਪਹਿਲਾ ਕਬੱਡੀ ਕੱਪ ਕਰਵਾਉਣ ਲਈ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੀ ਹਾਂ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ।”

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰੇਸ਼ਮ ਵੜੈਚ, ਸਾਬਕਾ ਸਰਪੰਚ ਅਮਰਦੀਪ ਸਿੰਘ, ਚੇਅਰਮੈਨ ਪਰਮਜੀਤ ਸਿੰਘ, ਬਲਜੀਤ ਸਿੰਘ ਸੈਦਪੁਰ, ਗੁਰਜੀਤ ਸਿੰਘ (ਮੀਤ ਪ੍ਰਧਾਨ), ਰਾਮ ਸਿੰਘ ਚੋਗਾਵਾਂ, ਕਬੱਡੀ ਕੋਚ ਰਾਮ ਸਿੰਘ ਸਰਪੰਚ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

Read Latest News and Breaking News at Daily Post TV, Browse for more News

Ad
Ad