ਅਮ੍ਰਿਤਸਰ ‘ਚ ਝਗੜੇ ਨੂੰ ਲੈ ਕੇ ਵਧਿਆ ਵਿਵਾਦ, ਸਤਿਕਾਰ ਕਮੇਟੀ ਨੇ ਪੁਲਿਸ ਕਾਰਵਾਈ ‘ਤੇ ਉਠਾਏ ਸਵਾਲ
Amritsar rural clash news; ਅੰਮ੍ਰਿਤਸਰ ਦਿਹਾਤੀ ਵਿੱਚ ਹਾਲ ਹੀ ਦੌਰਾਨ ਹੋਏ ਇੱਕ ਝਗੜੇ ਨੂੰ ਲੈ ਕੇ ਮਾਮਲਾ ਕਾਫੀ ਗਰਮਾ ਗਿਆ ਹੈ। ਸਤਿਕਾਰ ਕਮੇਟੀ ਦੇ ਆਗੂ ਬਾਬਾ ਤਰਲੋਚਨ ਸਿੰਘ ਸੋਹਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਝਗੜਾ ਦੋ ਧਿਰਾਂ ਵਿਚਕਾਰ ਵਾਪਰਿਆ ਸੀ, ਜਿਸਦਾ ਮੁੱਖ ਕਾਰਨ ਨੌਜਵਾਨਾਂ ਨਾਲ ਕੀਤੀ ਗਈ ਬਦਸਲੂਕੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਕੁਝ ਪਾਦਰੀਆਂ ਵੱਲੋਂ ਨੌਜਵਾਨਾਂ ਨੂੰ ਰੋਕ ਕੇ ਗਾਲੀ-ਗਲੌਚ ਕੀਤੀ ਗਈ ਅਤੇ ਬਾਅਦ ਵਿੱਚ ਹੋਰ ਲੋਕਾਂ ਨੂੰ ਬੁਲਾ ਕੇ ਹਮਲਾ ਵੀ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਕੁਝ ਨੌਜਵਾਨ ਆਪਣੀ ਗੱਡੀ ‘ਚ ਜਾ ਰਹੇ ਸਨ ਅਤੇ ਰਸਤੇ ਵਿੱਚ ਰੋਕ ਕੇ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਗਈ। ਮਾਮਲਾ ਵਧਣ ‘ਤੇ ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋਈ ਅਤੇ ਹੱਥਾਪਾਈ ਤੱਕ ਗੱਲ ਪਹੁੰਚ ਗਈ। ਇਸ ਦੌਰਾਨ ਰਾਹਗੀਰ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੈਂਬਰ ਵੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਬਾਬਾ ਸੋਹਲ ਨੇ ਦੋਸ਼ ਲਗਾਇਆ ਕਿ ਇਸ ਸਾਰੇ ਮਾਮਲੇ ਵਿੱਚ ਪੁਲਿਸ ਨੇ ਬਿਨਾਂ ਪੂਰੀ ਜਾਂਚ ਕੀਤੇ ਹੀ FIR ਦਰਜ ਕਰ ਦਿੱਤੀ ਅਤੇ ਵੱਡੀਆਂ ਧਾਰਾਵਾਂ ਲਗਾ ਦਿੱਤੀਆਂ। ਉਨ੍ਹਾਂ ਕਿਹਾ ਕਿ ਲਗਭਗ 20 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਕਈ ਉਹ ਹਨ ਜੋ ਸਿਰਫ ਮੌਕੇ ‘ਤੇ ਮੌਜੂਦ ਸਨ ਜਾਂ ਰਾਹਗੀਰ ਸਨ। ਉਨ੍ਹਾਂ ਪੁਲਿਸ ‘ਤੇ ਦਬਾਅ ਹੇਠ ਆ ਕੇ ਕਾਰਵਾਈ ਕਰਨ ਦੇ ਦੋਸ਼ ਵੀ ਲਗਾਏ।
ਇਸ ਦੇ ਨਾਲ ਹੀ ਧਰਮ ਪਰਿਵਰਤਨ ਦੇ ਮਸਲੇ ਨੂੰ ਵੀ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਧਰਮ ਬਦਲਣ ਤੋਂ ਬਾਅਦ ਵੀ ਆਪਣੇ ਨਾਂ ਨਾਲ “ਸਿੰਘ” ਲਗਾ ਰਹੇ ਹਨ ਅਤੇ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ, ਜੋ ਕਿ ਗਲਤ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਦਰਖ਼ਾਸਤ ਦਿੱਤੀ ਗਈ ਹੈ ਅਤੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ।
ਉਧਰ ਪੁਲਿਸ ਅਧਿਕਾਰੀ ਤਰਸੇਮ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਇੱਕ ਮੁਕੱਦਮਾ ਦਰਜ ਹੈ ਅਤੇ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਤੱਥਾਂ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ਨੇ ਇਲਾਕੇ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।