ਹਾਈ-ਵੋਲਟੇਜ ਤਾਰਾਂ ਦੀ ਚਪੇਟ ‘ਚ ਆਈ ਕੰਬਾਈਨ, ਕਿਸਾਨ ਦੀ ਦਰਦਨਾਕ ਮੌਤ, ਬਿਜਲੀ ਵਿਭਾਗ ‘ਤੇ ਗੰਭੀਰ ਦੋਸ਼
Barnala farmer death; ਬਰਨਾਲਾ ਜ਼ਿਲ੍ਹੇ ਦੇ ਪਿੰਡ ਵਿਧਾਤਾ ਵਿੱਚ ਕਣਕ ਦੀ ਕਟਾਈ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 38 ਸਾਲਾ ਕਿਸਾਨ ਜਸਵਿੰਦਰ ਸਿੰਘ ਦੀ ਬਿਜਲੀ ਕਰੰਟ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੀ ਕੰਬਾਈਨ ਮਸ਼ੀਨ ਨਾਲ ਖੇਤਾਂ ਵਿੱਚ ਕਣਕ ਦੀ ਕਟਾਈ ਕਰ ਰਿਹਾ ਸੀ, ਜਦੋਂ ਖੇਤਾਂ ਉਪਰੋਂ ਲੰਘ ਰਹੀਆਂ 11 ਹਜ਼ਾਰ ਵੋਲਟ ਦੀਆਂ ਬਿਜਲੀ ਤਾਰਾਂ ਕੰਬਾਈਨ ਨਾਲ ਟੱਚ ਹੋ ਗਈਆਂ। ਇਸ ਨਾਲ ਪੂਰੀ ਮਸ਼ੀਨ ਵਿੱਚ ਕਰੰਟ ਫੈਲ ਗਿਆ ਅਤੇ ਮਸ਼ੀਨ ਦਾ ਕਾਫ਼ੀ ਨੁਕਸਾਨ ਹੋਇਆ। ਹਾਦਸਾ ਇੰਨਾ ਭਿਆਨਕ ਸੀ ਕਿ ਜਸਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪਰਿਵਾਰਿਕ ਮੈਂਬਰਾਂ, ਪਿੰਡ ਦੇ ਨੰਬਰਦਾਰ ਸੁਰਜੀਤ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ ਅਤੇ ਛੇ ਏਕੜ ਜ਼ਮੀਨ ‘ਤੇ ਖੇਤੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਹ ਆਪਣੇ ਪਿੱਛੇ ਮਾਪੇ, ਪਤਨੀ ਅਤੇ 14 ਸਾਲ ਦਾ ਪੁੱਤ ਛੱਡ ਗਿਆ ਹੈ।
ਪਰਿਵਾਰ ਨੇ ਬਿਜਲੀ ਵਿਭਾਗ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਖੇਤਾਂ ਵਿੱਚ ਲਟਕਦੀਆਂ ਬਿਜਲੀ ਤਾਰਾਂ ਨੂੰ ਉੱਚਾ ਕਰਨ ਲਈ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਕੋਈ ਕਾਰਵਾਈ ਨਹੀਂ ਹੋਈ।
ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਵਾਜਬ ਆਰਥਿਕ ਮੁਆਵਜ਼ਾ ਦਿੱਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਖੇਤਾਂ ਵਿੱਚ ਲਟਕਦੀਆਂ ਉੱਚ ਵੋਲਟੇਜ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ।
ਥਾਣਾ ਟੱਲੇਵਾਲ ਦੇ ਏਐਸਆਈ ਭਜਨ ਲਾਲ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 194 ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਹਾਦਸਾ ਪਿੰਡ ਵਿੱਚ ਸੋਗ ਦਾ ਮਾਹੌਲ ਛੱਡ ਗਿਆ ਹੈ ਅਤੇ ਲੋਕਾਂ ਵੱਲੋਂ ਬਿਜਲੀ ਵਿਭਾਗ ਦੀ ਲਾਪਰਵਾਹੀ ‘ਤੇ ਸਵਾਲ ਉਠਾਏ ਜਾ ਰਹੇ ਹਨ।