ਈਰਾਨ ਨੇ ਫਿਰ ਬੰਦ ਕੀਤਾ ਸਟ੍ਰੇਟ ਆਫ਼ ਹੋਰਮੁਜ਼, ਅਮਰੀਕੀ ਨਾਕਾਬੰਦੀ ਨਾ ਹੱਟਣ ‘ਤੇ ਲਿਆ ਐਕਸ਼ਨ
ਈਰਾਨ ਨੇ ਇੱਕ ਵਾਰ ਫਿਰ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰਨ ਦਾ ਦਾਅਵਾ ਕੀਤਾ ਹੈ। ਈਰਾਨ ਦਾ ਦਾਅਵਾ ਹੈ ਕਿ ਜਦੋਂ ਤੱਕ ਅਮਰੀਕੀ ਨਾਕਾਬੰਦੀ ਜਾਰੀ ਰਹਿੰਦੀ ਹੈ, ਉਦੋਂ ਤੱਕ ਹੋਰਮੁਜ਼ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਜਾਵੇਗਾ। ਇਹ ਐਕਸ਼ਨ ਅਮਰੀਕੀ ਕਾਰਵਾਈਦ ਦੇ ਵਿਰੋਧ ‘ਚ ਕੀਤੀ ਗਈ ਹੈ। ਸ਼ੁੱਕਰਵਾਰ ਨੂੰ, ਈਰਾਨ ਨੇ ਕਿਹਾ ਸੀ ਕਿ ਉਹ ਹੋਰਮੁਜ਼ ਨੂੰ ਖੋਲ੍ਹ ਦੇਵੇਗਾ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਜੰਗਬੰਦੀ ਦੀ ਮਿਆਦ ਦੌਰਾਨ ਹੋਰਮੁਜ਼ ਵਪਾਰਕ ਜਹਾਜ਼ਾਂ ਲਈ ਖੁੱਲ੍ਹਾ ਰਹੇਗਾ।
ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦੀ ਨਾਕਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਇੱਕ ਵੱਡਾ ਸਮਝੌਤਾ ਨਹੀਂ ਕਰ ਲੈਂਦਾ। ਟਰੰਪ ਨੇ ਅੱਗੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਦੁਬਾਰਾ ਹਮਲੇ ਕਰ ਸਕਦਾ ਹੈ ਤੇ ਈਰਾਨ ਦੇ ਯੂਰੇਨੀਅਮ ਭੰਡਾਰਾਂ ਨੂੰ ਆਪਣੀਆਂ ਸ਼ਰਤਾਂ ‘ਤੇ ਹਾਸਿਲ ਕਰ ਲਵੇਗਾ।
ਈਰਾਨ ਨੇ ਅਮਰੀਕਾ ‘ਤੇ ਡਕੈਤੀ ਦਾ ਲਗਾਇਆ ਇਲਜ਼ਾਮ
ਪਹਿਲਾਂ, ਕੁਝ ਜਹਾਜ਼ਾਂ ਨੂੰ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਤੋਂ ਲੰਘਦੇ ਦੇਖਿਆ ਗਿਆ ਸੀ; ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਅਸਲ ‘ਚ ਇਸ ਖੇਤਰ ‘ਚੋਂ ਕਿੰਨੀ ਕੁੱਲ ਸਮੁੰਦਰੀ ਆਵਾਜਾਈ ਲੰਘਣ ‘ਚ ਕਾਮਯਾਬ ਹੋਈ ਹੈ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਸੰਯੁਕਤ ਰਾਜ ਅਮਰੀਕਾ ‘ਤੇ ਸਮੁੰਦਰੀ ਡਕੈਤੀ ਦਾ ਇਲਜ਼ਾਮ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕਾ ਦੀ ਨਾਕਾਬੰਦੀ ਅਸਲ ‘ਚ ਸਮੁੰਦਰੀ ਡਾਕੂਆਂ ਦੇ ਸਮਾਨ ਹੈ।
ਸ਼ਰਤਾਂ ਦੇ ਨਾਲ ਹੋਰਮੁਜ਼ ਖੁਲ੍ਹਿਆ ਸੀ: ਈਰਾਨ
ਈਰਾਨ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਹੋਰਮੂਜ਼ ਸਟ੍ਰੇਟ ਇਸ ਸਮੇਂ ਪੂਰੀ ਤਰ੍ਹਾਂ ਖੁੱਲ੍ਹਾ ਨਹੀਂ ਹੈ। ਈਰਾਨ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਇਹ ਰਸਤਾ ਸਿਰਫ਼ ਜੰਗਬੰਦੀ ਦੌਰਾਨ ਤੇ ਕੁੱਝ ਸ਼ਰਤਾਂ ਦੇ ਅਧੀਨ ਖੁੱਲ੍ਹਾ ਹੈ। ਈਰਾਨ ਨੇ ਐਲਾਨ ਕੀਤਾ ਕਿ ਦੁਸ਼ਮਣ ਤਾਕਤਾਂ ਨਾਲ ਜੁੜੇ ਜਹਾਜ਼ਾਂ ਤੇ ਫੌਜੀ ਜਹਾਜ਼ਾਂ ਨੂੰ ਸਟ੍ਰੇਟ ‘ਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਲੇਬਨਾਨ ‘ਚ ਈਰਾਨ-ਸਮਰਥਿਤ ਸੰਗਠਨ ਹਿਜ਼ਬੁੱਲਾ ‘ਤੇ ਦਬਾਅ ਵਧਦਾ ਹੈ ਤਾਂ ਇਸ ਪ੍ਰਬੰਧ ਨੂੰ ਬਦਲਿਆ ਜਾ ਸਕਦਾ ਹੈ।
ਹੋਰਮੂਜ਼ ਸਟ੍ਰੇਟ ਵਿਸ਼ਵ ਪੱਧਰ ‘ਤੇ ਇੱਕ ਬਹੁਤ ਹੀ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਈਰਾਨ ਤੇ ਓਮਾਨ ਦੇ ਵਿਚਕਾਰ ਸਥਿਤ, ਇਹ ਵਿਸ਼ਵਵਿਆਪੀ ਤੇਲ ਸਪਲਾਈ ਲਈ ਇੱਕ ਪ੍ਰਮੁੱਖ ਮਾਰਗ ਵਜੋਂ ਕੰਮ ਕਰਦਾ ਹੈ। ਆਪਣੇ ਸਭ ਤੋਂ ਤੰਗ ਬਿੰਦੂ ‘ਤੇ, ਸਟ੍ਰੇਟ ਲਗਭਗ 33 ਕਿਲੋਮੀਟਰ ਚੌੜਾ ਹੈ। ਹਾਲਾਂਕਿ, ਜਹਾਜ਼ਾਂ ਲਈ ਉਪਲਬਧ ਅਸਲ ਸ਼ਿਪਿੰਗ ਲੇਨ ਸਿਰਫ਼ 3 ਕਿਲੋਮੀਟਰ ਚੌੜੇ ਹਨ। ਨਤੀਜੇ ਵਜੋਂ, ਇਸ ਖੇਤਰ ‘ਚ ਵਧਦੇ ਤਣਾਅ ਦਾ ਵਿਸ਼ਵਵਿਆਪੀ ਤੇਲ ਸਪਲਾਈ ‘ਤੇ ਸਿੱਧਾ ਪ੍ਰਭਾਵ ਪੈ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਬੁੱਧਵਾਰ ਤੱਕ ਈਰਾਨ ਨਾਲ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਬੰਬਾਰੀ ਕਾਰਵਾਈਆਂ ਦੁਬਾਰਾ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਜੰਗਬੰਦੀ ਨੂੰ ਜਾਂ ਤਾਂ ਵਧਾਇਆ ਜਾ ਸਕਦਾ ਹੈ ਜਾਂ ਖਤਮ ਵੀ ਕੀਤਾ ਜਾ ਸਕਦਾ ਹੈ। ਟਰੰਪ ਨੇ ਟਿੱਪਣੀ ਕੀਤੀ ਕਿ ਮੈਂ ਜੰਗਬੰਦੀ ਨੂੰ ਨਾ ਵਧਾਉਣ ਦਾ ਫੈਸਲਾ ਕਰ ਸਕਦਾ ਹਾਂ, ਪਰ ਈਰਾਨ ਦੀਆਂ ਬੰਦਰਗਾਹਾਂ ‘ਤੇ ਨਾਕਾਬੰਦੀ ਜਾਰੀ ਰਹੇਗੀ। ਅਜਿਹੇ ‘ਚ, ਸਾਨੂੰ ਇੱਕ ਵਾਰ ਫਿਰ ਬੰਬ ਸੁੱਟਣੇ ਪੈ ਸਕਦੇ ਹਨ।