‘Lawrence of Punjab’ ਪੰਜਾਬ ਪੁਲਿਸ ਨੇ ਕੇਂਦਰ ਨੂੰ ਪੱਤਰ ਲਿਖ ਕੇ ਵੈੱਬ ਸੀਰੀਜ਼ ਉੱਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
Lawrence of Punjab: ਪੰਜਾਬ ਪੁਲਿਸ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵੈੱਬ ਸੀਰੀਜ਼ ‘ਲਾਰੈਂਸ ਆਫ਼ ਪੰਜਾਬ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਅਤੇ ਵਡੇਰੇ ਸਮਾਜਿਕ ਹਿੱਤਾਂ ਦੇ ਹਵਾਲੇ ਨਾਲ ਇਸ ਸੀਰੀਜ਼ ਦੀ ਪ੍ਰਚਾਰ ਸਮਗਰੀ ਨੂੰ ਓ ਟੀ ਟੀ ਪਲੇਟਫ਼ਾਰਮ ’ਤੇ ਬਲੌਕ ਕਰਨ ਲਈ ਪੱਤਰ ਲਿਖਿਆ ਹੈ। ਚੇਤੇ ਰਹੇ ਕਿ ਓ ਟੀ ਟੀ ਪਲੇਟਫ਼ਾਰਮ ਜ਼ੀ ਫਾਈਵ (ZEE5) ’ਤੇ 27 ਅਪਰੈਲ ਨੂੰ ‘ਲਾਰੈਂਸ ਆਫ਼ ਪੰਜਾਬ’ ਵੈੱਬ ਸੀਰੀਜ਼ ਰਿਲੀਜ਼ ਹੋ ਰਹੀ ਹੈ।
ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ।
ਇਸ ਸੀਰੀਜ਼ ਵਿੱਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ (ਲਾਰੈਂਸ) ਇੱਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆ ਦੇ ਸਿਖਰ ਤੱਕ ਪਹੁੰਚਿਆ। ਪੱਤਰ ’ਚ ਕਿਹਾ ਗਿਆ ਹੈ ਕਿ ਇਸ ਵੈੱਬ ਸੀਰੀਜ਼ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ ’’ਚ ਤਿੱਖਾ ਪ੍ਰਤੀਕਰਮ ਹੈ ਅਤੇ ਵੈੱਬ ਸੀਰੀਜ਼ ’ਚ ਅਪਰਾਧ ਨੂੰ ਵਡਿਆਇਆ ਗਿਆ ਹੈ, ਜਿਸ ਦਾ ਨੌਜਵਾਨਾਂ ’ਤੇ ਮਾੜਾ ਅਸਰ ਪਵੇਗਾ। ਪੰਜਾਬ ਦੇ ਲੋਕਾਂ ਦੇ ਇਸ ਸੀਰੀਜ਼ ਖ਼ਿਲਾਫ਼ ਰੋਸ ਵਧਣ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।
ਪੰਜਾਬ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹਵਾਲੇ ਨਾਲ ਵੀ ਇਸ ਵੈੱਬ ਸੀਰੀਜ਼ ਨੂੰ ਬੈਨ ਕਰਨ ਲਈ ਕਿਹਾ ਹੈ। ਪੰਜਾਬ ਪੁਲਿਸ ਵੱਲੋਂ ਸੂਚਨਾ ਤਕਨਾਲੋਜੀ ਐਕਟ 2000 ਦੀ ਧਾਰਾ 69 ਏ (1) ਤਹਿਤ ਓ ਟੀ ਟੀ ਪਲੇਟਫ਼ਾਰਮ ਤੋਂ ਵੈੱਬ ਸੀਰੀਜ਼ ਨੂੰ ਪਬਲਿਕ ਪਹੁੰਚ ਲਈ ਬਲੌਕ ਕਰਨ ਦੀ ਬੇਨਤੀ ਕੀਤੀ ਗਈ ਹੈ।
ਚੇਤੇ ਰਹੇ ਕਿ ਇਸ ਵੈੱਬ ਸੀਰੀਜ਼ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵੀ ਚੁਣੌਤੀ ਦਿੱਤੀ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਈ ਕੋਰਟ ’ਚ ਜਨਹਿਤ ਪਟੀਸ਼ਨ ਦਾਇਰ ਕਰਕੇ ਹਾਈ ਕੋਰਟ ਦੇ ਦਾਖਲ ਦੀ ਮੰਗ ਕੀਤੀ ਹੈ।