CM ਮਾਨ ਵੱਲੋਂ ਫਤਿਹਗੜ੍ਹ ਸਾਹਿਬ ਬੱਸ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ
Punjab News: ਬੀਤੀ 15 ਅਪ੍ਰੈਲ ਨੂੰ ਫਤਿਹਗੜ੍ਹ ਸਾਹਿਬ ‘ਚ ਦੇ ਬੱਸੀ ਪਠਾਣਾਂ ਨੇੜੇ ਪਿੰਡ ਮੈਣ ਮਾਜਰੀ ਵਿਖੇ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ ਸੀ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਦੇ ਇੱਕ ਹਫਤੇ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਮ੍ਰਿਤਕਾਂ ਅਤੇ ਜਖ਼ਮੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਜਤਾਉਂਂਦਿਆ ਸੋਸ਼ਲ ਮੀਡੀਆ ਪੋਸਟ ਰਾਹੀਂ ਵਿੱਤੀ ਮਦਦ ਦਾ ਵੀ ਐਲਾਨ ਕੀਤਾ। ਸਰਕਾਰੀ ਐਲਾਨ ਮੁਤਾਬਕ,ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਜਦਕਿ ਹਾਦਸੇ ਵਿੱਚ ਜ਼ਖਮੀ ਹੋਏ 34 ਲੋਕਾਂ ਨੂੰ 50,000 ਰੁਪਏ ਪ੍ਰਤੀ ਵਿਅਕਤੀ ਦਿੱਤੇ ਜਾਣਗੇ।
ਜਿਕਰਯੋਗ ਹੈ ਬੀਤੇ ਹਫਤੇ ਫਤਿਹਗੜ੍ਹ ਸਾਹਿਬ ‘ਚ ਸ਼ਰਧਾਲੂਆਂ ਨਾਲ ਭਰੀ ਹੋਈ ਬੱਸ ਪਲਟ ਗਈ ਸੀ । ਇਸ ਹਾਦਸੇ ‘ਚ 9 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਉੱਥੇ ਹੀ, 34 ਦੇ ਕਰੀਬ ਸ਼ਰਧਾਲੂ ਜ਼ਖ਼ਮੀ ਜਾਣਕਾਰੀ ਮੁਤਾਬਕ ਬੱਸ ‘ਚ 35 ਤੋਂ 40 ਲੋਕ ਸਵਾਰ ਸਨ। ਇਹ ਹਾਦਸਾ ਰਾਤ ਨੂੰ 9:30 ਤੋਂ 10 ਦੇ ਵਿਚਕਾਰ ਵਾਪਰਿਆ ਸੀ।
ਮੁੱਖ ਮੰਤਰੀ ਨੇ ਹਾਦਸੇ ‘ਤੇ ਜਤਾਇਆ ਦੁੱਖ
ਮੁਖ ਮੰਤਰੀ ਭਗਵੰਤ ਮਾਨ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਹਾਦਸੇ ਤੇ ਦੁੱਖ ਜਤਾਉਂਦਿਆਂ ਲਿੱਖਿਆ, “ਬੀਤੇ ਹਫ਼ਤੇ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਨੇੜੇ ਪਿੰਡ ਮੈਣ ਮਾਜਰੀ ਵਿਖੇ ਹੋਏ ਦਰਦਨਾਕ ਬੱਸ ਹਾਦਸੇ ਦਾ ਬਹੁਤ ਦੁਖੀ ਹੈ। ਇਸ ਔਖੀ ਘੜੀ ਵਿੱਚ ਅਸੀਂ ਪੀੜਤ ਪਰਿਵਾਰਾਂ ਦੇ ਦੁੱਖ ਵਿੱਚ ਪੂਰੀ ਤਰ੍ਹਾਂ ਨਾਲ ਸ਼ਰੀਕ ਹਾਂ। ਉਨ੍ਹਾਂ ਨੇ ਅੱਗੇ ਲਿੱਖਿਆ ਕਿ ਇਸ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਜਾਂ ਵਾਰਸਾਂ ਨੂੰ ₹2 ਲੱਖ ਰੁਪਏ ਪ੍ਰਤੀ ਮ੍ਰਿਤਕ ਮਾਲੀ ਸਹਾਇਤਾ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦਕਿ, ਹਾਦਸੇ ਵਿੱਚ ਜ਼ਖ਼ਮੀ ਹੋਏ 34 ਵਿਅਕਤੀਆਂ ਨੂੰ ₹50,000/- ਪ੍ਰਤੀ ਜ਼ਖ਼ਮੀ ਦੇ ਹਿਸਾਬ ਨਾਲ ਮਦਦ ਦਿੱਤੀ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਭਰੋਸਾ ਦੁਆਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਆਪਣੇ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਪ੍ਰਮਾਤਮਾ ਅੱਗੇ ਸਾਰੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕਰਦੀ ਹੈ।”