ਰਾਜਾ ਵੜਿੰਗ ਦੀ ਪਟੀਸ਼ਨ ਅਤੇ ਚਿੱਠੀ ਦਾ ਅਸਰ: “Lawrence of Punjab” ਦੀ ਰਿਲੀਜ਼ ‘ਤੇ ਰੋਕ, ਕੇਂਦਰ ਸਰਕਾਰ ਦਾ Zee5 ਨੂੰ ਆਦੇਸ਼
Lawrence Bishnoi documentary controversy; ਗੈਂਗਸਟਰ ਲੋਰੇਂਸ ਬਿਸ਼ਨੋਈ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ “Lawrence of Punjab” ਦੀ ਰਿਲੀਜ਼ ‘ਤੇ ਵੱਡਾ ਫੈਸਲਾ ਸਾਹਮਣੇ ਆਇਆ ਹੈ। ਕੇਂਦਰ ਸਰਕਾਰ ਨੇ OTT ਪਲੇਟਫਾਰਮ Zee5 ਨੂੰ ਇਸ ਫਿਲਮ ਨੂੰ ਪ੍ਰਸਾਰਿਤ ਨਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਆਉਂਦੀ 27 ਤਾਰੀਕ ਨੂੰ ਰਿਲੀਜ ਹੋਣ ਵਾਲੀ ਡਾਕੂਮੈਂਟਰੀ ਸੀਰੀਜ਼ “ਲਾਰੈਂਸ ਆਫ਼ ਪੰਜਾਬ” ਤੇ ਭਾਰਤ ਸਰਕਾਰ ਨੇ ਬੈਨ ਲਗਾ ਦਿੱਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ OTT ਪਲੇਟਫਾਰਮ ZEE5 ਨੂੰ ਅਹਿਮ ਨੋਟਿਸ ਜਾਰੀ ਕਰਦਿਆਂ ਗੈਂਗਸਟਰਾਂ ਦੇ ਜੀਵਨ ‘ਤੇ ਆਧਾਰਿਤ ਇਸ ਡਾਕੂਮੈਂਟਰੀ ਜਾਂ ਵੈੱਬ ਸੀਰੀਜ਼ ਰਿਲੀਜ਼ ਨਾ ਕਰਨ ਦੀ ਸਲਾਹ ਦਿੱਤੀ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਜਨਤਕ ਸੁਰੱਖਿਆ ਅਤੇ ਸ਼ਾਂਤੀ ਨੂੰ ਮੁੱਖ ਰੱਖਦਿਆਂ ZEE5 ਫਿਲਹਾਲ ਇਸ ਸੀਰੀਜ਼ ਨੂੰ ਰਿਲੀਜ਼ ਨਾ ਕਰੇ। ਦੱਸ ਦੇਈਏ ਕਿ ਇਸ ਸੀਰੀਜ ਦੇ ਰਿਲੀਜ ਹੋਣ ਦਾ ਲਗਾਤਾਰ ਸਿਆਸੀ ਪਾਰਟੀਆਂ ਵੱਲੋ ਵੀ ਵਿਰੋਧ ਕੀਤਾ ਜਾ ਰਿਹਾ ਸੀ। ਜਦਕਿ ਬੀਤੇ ਦਿਨ ਪੰਜਾਬ ਪੁਲਿਸ ਨੇ ਮੰਤਰਾਲੇ ਨੂੰ ਪੱਤਰ ਲਿੱਖ ਕੇ ਇਸ ਸੀਰੀਜ ਨੂੰ ਤੁਰੰਤ ਬੈਨ ਕਰਨ ਦਾ ਆਦੇਸ਼ ਦੇਣ ਦੀ ਬੇਨਤੀ ਕੀਤੀ ਸੀ।
ਪੁਲਿਸ ਵੱਲੋਂ ਭੇਜੇ ਗਏ ਇੱਕ ਅਧਿਕਾਰਤ ਪੱਤਰ ‘ਚ ਡਾਕੂਮੈਂਟਰੀ ਸੀਰੀਜ਼ ਬਾਰੇ ਗੰਭੀਰ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸੀਰੀਜ਼ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਤੇ ਉਸ ਦੇ ਅਪਰਾਧਿਕ ਸਫ਼ਰ ਨੂੰ ਦਰਸਾਉਂਦੀ ਹੈ। ਇਸ ‘ਚ ਕਈ ਰੀਅਲ ਲਾਈਫ਼ ਹਾਈ-ਪ੍ਰੋਫਾਈਲ ਅਪਰਾਧ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਮਾਮਲੇ ਸ਼ਾਮਲ ਹਨ। ਪੁਲਿਸ ਨੇ ਆਪਣੇ ਪੱਤਰ ਵਿੱਚ ਲਿੱਖਿਆ ਸੀ ਕਿ ਅਜਿਹੀ ਸਮੱਗਰੀ ਅਪਰਾਧਿਕ ਤੱਤਾਂ ਦਾ ਮਹਿਮਾ ਮੰਡਨ ਕਰਦੀ ਹੈ, ਜਿਸ ਨਾਲ ਨੌਜਵਾਨ ਕੁਰਾਹੇ ਪੈ ਸਕਦੇ ਹਨ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।
ਰਾਜਾ ਵੜਿੰਗ ਨੇ ਕੋਰਟ ਵਿੱਚ ਪਾਈ ਸੀ ਪਟੀਸ਼ਨ
ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਅੱਜ ਹੀ ਇਸ ਪਟੀਸ਼ਨ ਤੇ ਸੁਣਵਾਈ ਹੋਣੀ ਸੀ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸਨੂੰ ਤੁਰੰਤ ਬੈਨ ਕਰਨ ਦੀ ਮੰਗ ਕੀਤੀ ਸੀ।
ਲਾਰੈਂਸ ਦੇ ਪਰਿਵਾਰ ਨੇ ਵੀ ਜਤਾਇਆ ਸੀ ਵਿਰੋਧ
ਲਾਰੈਂਸ ਦੇ ਪਰਿਵਾਰ ਨੇ ਵੀ ਇਸ ਸੀਰੀਜ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸੀਰੀਜ ਦੇ ਕੰਟੈਂਟ, ਇਸਦੀ ਨਿਰਮਾਣ ਪ੍ਰਕਿਰਿਆ ਅਤੇ ਇਸਦੀ ਰਿਲੀਜ਼ ਦੇ ਸਮੇਂ ‘ਤੇ ਸਵਾਲ ਉਠਾਏ ਸਨ। ਪਰਿਵਾਰ ਨੇ ਕਿਹਾ ਕਿ ਇਹ ਲੜੀ ਨਾ ਸਿਰਫ਼ ਤੱਥਾਂ ਤੋਂ ਪਰੇ ਹੈ ਸਗੋਂ ਨਿਆਂ ਪ੍ਰਣਾਲੀ ਅਤੇ ਪੰਜਾਬ ਦੀ ਸ਼ਾਨਦਾਰ ਸੱਭਿਆਚਾਰ ਦਾ ਵੀ ਅਪਮਾਨ ਕਰਦੀ ਹੈ।
ਪਰਿਵਾਰ ਨੇ ਕਿਹਾ ਕਿ ਵੈੱਬ ਸੀਰੀਜ਼ ਲਈ ਉਨ੍ਹਾਂ ਤੋਂ ਜਾਂ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਲਾਰੈਂਸ ਦੇ ਚਾਚਾ ਰਮੇਸ਼ ਨੇ ਮੰਗ ਕੀਤੀ ਸੀ ਕਿ ਇਸ ਮਾਮਲੇ ਵਿੱਚ ਫਿਲਮ ਦੇ ਨਿਰਮਾਤਾਵਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
27 ਅਪ੍ਰੈਲ ਨੂੰ ਹੋਣੀ ਸੀ ਰਿਲੀਜ਼
‘ਲਾਰੈਂਸ ਆਫ਼ ਪੰਜਾਬ’ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਪੰਜਾਬ ਵਿੱਚ ਅਪਰਾਧ ਦੇ ਸੱਭਿਆਚਾਰ ‘ਤੇ ਆਧਾਰਿਤ ਹੈ। ਰਾਘਵ ਡਾਰ ਦੁਆਰਾ ਨਿਰਦੇਸ਼ਤ, ਇਹ ਸੀਰੀਜ਼ ਲਾਰੈਂਸ ਬਿਸ਼ਨੋਈ ਦੇ ਵਿਦਿਆਰਥੀ ਰਾਜਨੀਤੀ ਤੋਂ ਇੱਕ ਵੱਡੇ ਅਪਰਾਧੀ ਬਣਨ ਤੱਕ ਦੇ ਸਫ਼ਰ ਨੂੰ ਦਰਸਾਉਂਦੀ ਹੈ।
ਇਹ ਸੀਰੀਜ਼ OTT ਪਲੇਟਫਾਰਮ ZEE5 ‘ਤੇ ਰਿਲੀਜ਼ ਹੋਵੇਗੀ ਅਤੇ 27 ਅਪ੍ਰੈਲ, 2026 ਨੂੰ ਹੋਣ ਵਾਲੀ ਸੀ। ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ, ਇਸ ਨੇ ਪੰਜਾਬ ਵਿੱਚ ਰਾਜਨੀਤਿਕ ਵਿਵਾਦ ਛੇੜ ਦਿੱਤਾ। ਪੰਜਾਬ ਕਾਂਗਰਸ ਨੇ ਇਹ ਇਲਜ਼ਾਮ ਲਗਾਉਂਦੇ ਹੋਏ ਕਿ ਇਹ ਅਪਰਾਧੀਆਂ ਨੂੰ ਵਡਿਆਉਂਦੀ ਹੈ, ਇਸ ਸੀਰੀਜ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ ।